ADVERTISEMENTs

ਸਪਰਿੰਗਫੀਲਡ ਦੀ ‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

​​​​​​​ਇੰਗਲੈਂਡ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਪਰੇਡ ‘ਚ ਹੋਏ ਸ਼ਾਮਲ

ਡੇਟਨ (ਅਮਰੀਕਾ): ਅਮਰੀਕਾ ਵਿੱਚ ਹਰ ਸਾਲ ‘ਮੌਮੋਰੀਅਲ ਡੇਅ’ ਦੇ ਮੌਕੇ ‘ਤੇ ਸ਼ਹੀਦ ਅਮਰੀਕੀ ਫੌਜੀਆਂ ਨੂੰ ਯਾਦ ਕਰਨ ਲਈ ਕਈ ਸ਼ਹਿਰਾਂ ਵਿੱਚ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਓਹਾਇਓ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਕੱਢੀ ਜਾਂਦੀ ‘ਮੈਮੋਰੀਅਲ ਡੇਅ ਪਰੇਡ’ਦੇਸ਼ ਦੀ ਸਭ ਤੋਂ ਵੱਡੀਆਂ ਪਰੇਡਾਂ ਚੋ ਇੱਕ ਹੈ।

 

ਹਰ ਸਾਲ ਵਾਂਗ ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ 'ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਸਾਲ ਦੀ ਪਰੇਡ ਦੌਰਾਨ ਲਗਭਗ 200 ਸਥਾਨਕ ਸੰਸਥਾਵਾਂ ਅਤੇ ਤਕਰੀਬਨ 2000 ਲੋਕਾਂ ਨੇ ਹਿੱਸਾ ਲਿਆ, ਜੱਦਕਿ ਹਜ਼ਾਰਾਂ ਦੀ ਗਿਣਤੀ ‘ਚ ਨਾਗਰਿਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।

 

ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀ। ਜੱਦ ਢਾਈ ਮੀਲ ਲੰਬੀ ਇਹ ਪਰੇਡ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਦੇ ਦੋਵੇਂ ਪਾਸੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।

 

ਪਿਛਲੇ 26 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ, ਉਹਨਾਂ ਦੀ ਪਤਨੀ ਸਰਬਜੀਤ ਕੌਰ ਤੇ ਬੱਚੇ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਹਨਾਂ ਵਲੋਂ ਕਈ ਵਰ੍ਹਿਆਂ ਪਹਿਲਾਂ ਕੀਤੇ ਗਏ ਇਸ ਉਦਮ ਸਦਕਾ ਹੁਣ ਸਿੱਖ ਸੋਸਾਇਟੀ ਆਫ ਡੇਟਨ ਦੀ ਸੰਗਤ, ਨਾਲ ਲੱਗਦੇ ਸ਼ਹਿਰ ਸਿਨਸਿਨਾਟੀ, ਕੋਲੰਬਸ ਅਤੇ ਇੰਡੀਆਣਾ ਸੂਬੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਸ ਵਿੱਚ ਭਾਗ ਲੈਂਦਾ ਹੈ। ਉਹਨਾਂ ਵੱਲੋਂ ਆਈਆਂ ਸੰਗਤਾਂ ਲਈ ਆਪਣੇ ਘਰ ਵਿੱਚ ਵੀ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

 

ਇਸ ਮੌਕੇ ਯੂ.ਕੇ. ਤੋਂ ਆਏ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਸੀਬੀਈ ਆਪਣੇ ਅਮਰੀਕਾ ਦੇ ਰੁਝੇਵਿਆਂ ਭਰੇ ਦੌਰੇ ਦੇ ਬਾਵਜੂਦ ਪਰੇਡ ਵਿੱਚ ਭਾਗ ਲੈਣ ਪਹੰਚੇ। ਅਵਤਾਰ ਸਿੰਘ ਸਣੇ ਸਿੱਖ ਭਾਈਚਾਰੇ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਵੱਖ-ਵੱਖ ਭਾਈਚਾਰਿਆਂ ਸਣੇ ਪਰੇਡ ‘ਚ ਸ਼ਾਮਲ ਹੋ ਕੇ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦਾ ਸਤਿਕਾਰ ਕਰਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

 

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਜੋ ਆਪਣੇ ਪਰਿਵਾਰ ਸਣੇ ਕਈ ਸਾਲਾਂ ਤੋਂ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ ਨੇ ਦੱਸਿਆ ਕਿ ਸਤੰਬਰ 2001 ਵਿੱਚ ਅਮਰੀਕਾ ‘ਚ ਹੋਏ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਅਕਸਰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਹ ਹੋਰ ਵੀ ਜਰੂਰੀ ਬਣ ਗਿਆ ਕਿ ਅਸੀਂ ਅਜਿਹੀਆਂ ਪਰੇਡ ‘ਚ ਹਿੱਸਾ ਲਈਏ ਤਾਂ ਜੋ ਵੱਧ ਤੋਂ ਵੱਧ ਲੋਕ ਸਿੱਖ ਅਤੇ ਉਹਨਾਂ ਦੀ ਨਿਵੇਕਲੀ ਪਛਾਣ ਬਾਰੇ ਜਾਣ ਸਕਣ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video