ADVERTISEMENTs

ਪੰਜਾਬ 'ਚ ਸਿਆਸੀ ਹੰਗਾਮਾ: ਅਕਾਲੀ ਦਲ ਨੇ ਵਾਇਰਲ ਕੀਤੀਆਂ ਮੰਤਰੀ ਦੀਆਂ ਇਤਰਾਜ਼ਯੋਗ ਤਸਵੀਰਾਂ

ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕੁਝ ਇਤਰਾਜ਼ਯੋਗ ਤਸਵੀਰਾਂ ਪੋਸਟ ਕੀਤੀਆਂ ਜੋ ਕਿ ਪੰਜਾਬ ਦੇ ਮੰਤਰੀ ਰਵਜੋਤ ਸਿੰਘ ਦੀਆਂ ਹਨ

ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਰਵਜੋਤ ਸਿੰਘ ਦੀਆਂ ਇਤਰਾਜ਼ਯੋਗ ਤਸਵੀਰਾਂ ਕੀਤੀਆਂ ਪੋਸਟ / Facebook

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਇੱਕ ਪੋਸਟ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ। ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕੁਝ ਇਤਰਾਜ਼ਯੋਗ ਤਸਵੀਰਾਂ ਪੋਸਟ ਕੀਤੀਆਂ ਜੋ ਕਿ ਪੰਜਾਬ ਦੇ ਮੰਤਰੀ ਰਵਜੋਤ ਸਿੰਘ ਦੀਆਂ ਹਨ। ਹਾਲਾਂਕਿ, ਮੰਤਰੀ ਰਵਜੋਤ ਸਿੰਘ ਨੇ ਇਸਦਾ ਬਿਕਰਮ ਸਿੰਘ ਮਜੀਠੀਆ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਹੈ। ਡਾ. ਰਵਜੋਤ ਨੇ ਉਨ੍ਹਾਂ 'ਤੇ ਕੇਸ ਦਰਜ ਕਰਨ ਅਤੇ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਆਖੀ ਹੈ।

ਦਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਔਰਤ ਨਾਲ ਇਹ ਤਸਵੀਰਾਂ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀਆਂ ਹਨ। ਮਜੀਠੀਆ ਨੇ ਪੋਸਟ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਸਬੰਧਤ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇ। ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਹਨ। 

ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮਜੀਠੀਆ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਲਿਖਿਆ ਕਿ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ 8-10 ਸਾਲ ਪੁਰਾਣੀਆਂ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਫੈਲਾ ਰਹੇ ਹਨ। ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਤੋਂ ਹਾਂ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਭ੍ਰਿਸ਼ਟ ਰਾਜਨੀਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੈਨੂੰ ਚੁਣਿਆ ਹੈ।

ਮੰਤਰੀ ਰਵਜੋਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿੱਚ ਲਿਖਿਆ ਕਿ ਇਹ ਹਰਕਤ ਸਿਰਫ਼ ਮੇਰੇ ਹੀ ਨਹੀਂ ਸਗੋਂ ਇੱਕ ਔਰਤ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਾਉਂਦੀ ਹੈ। ਇਹ ਸਿਰਫ਼ ਨਿੱਜੀ ਹਮਲਾ ਨਹੀਂ ਹੈ, ਇਹ ਇੱਕ ਜਾਤੀ ਅਤੇ ਰਾਜਨੀਤਿਕ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਲੁਧਿਆਣਾ ਉਪ ਚੋਣ ਤੋਂ ਸਿਰਫ਼ ਦੋ ਦਿਨ ਪਹਿਲਾਂ ਇਹ ਘਟੀਆ ਹਰਕਤ ਸਾਬਤ ਕਰਦੀ ਹੈ ਕਿ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਪ੍ਰੈੱਸ ਕਾਨਫਰੰਸ ਕਰਦਿਆਂ ਵੀ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਦੇਖ ਕੇ ਬਹੁਤ ਦੁੱਖ ਲੱਗਿਆ ਹੈ। ਉਹਨਾਂ ਕਿਹਾ ਕਿ ਮੈਂ ਇਸ ਘਿਣਾਉਣੀ ਸਾਜ਼ਿਸ਼ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਾਂਗਾ, ਮੈਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ ਐਫਆਈਆਰ ਅਤੇ ਮਾਣਹਾਨੀ ਦਾ ਕੇਸ ਵੀ ਦਰਜ ਕਰਾਂਗਾ। 

ਉਥੇ ਹੀ ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਇਸ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਘੇਰਦਿਆਂ ਉਹਨਾਂ 'ਤੇ ਕੁਝ ਸਵਾਲ ਖੜ੍ਹੇ ਕੀਤੇ ਹਨ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਲੋਕ ਹੁਣ ਬੈਡਰੂਮਾਂ ਤੱਕ ਵੀ ਪਹੁੰਚ ਗਏ ਹਨ। ਵਿਰੋਧੀਆਂ ਨੂੰ ਇੰਨੀ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਨਾਂ ਸਵਾਲ ਕੀਤਾ ਕਿ ਇਹ ਸਭ ਚੋਣਾਂ ਦੇ ਸਮੇਂ ਹੀ ਕਿਉਂ ਨਿਕਲ ਕੇ ਸਾਹਮਣੇ ਆਉਂਦਾ ਹੈ। ਦਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਦੋ ਦਿਨਾਂ ਬਾਅਦ ਹੋਣ ਜਾ ਰਹੀ ਹੈ। ਇਹ ਤਸਵੀਰਾਂ ਅਜਿਹੇ ਸਮੇਂ 'ਚ ਵਾਇਰਲ ਹੋਈਆਂ ਹਨ ਜਦੋਂ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ ਪ੍ਰਚਾਰ ਖਤਮ ਹੋ ਗਿਆ ਹੈ।           

Comments

Related

ADVERTISEMENT

 

 

 

ADVERTISEMENT

 

 

E Paper

 

 

 

Video