ਹੁਕਮਨਾਮੇ ਸਿੱਖ ਇਤਿਹਾਸ ਦੀਆਂ ਸਮੱਸਿਆਵਾਂ ਅਤੇ ਘਟਨਾਵਾਂ ਨੂੰ ਸਮਝਣ ਦਾ ਮਹੱਤਵਪੂਰਨ ਸਰੋਤ ਹਨ ਜਿਹੜੇ ਕਿ ਪੁਰਾਤਨ ਸਿੱਖਾਂ ਦੇ ਹਾਲਾਤ, ਗੁਰੂ ਸਾਹਿਬਾਨ ਪ੍ਰਤੀ ਵਿਸ਼ਵਾਸ ਅਤੇ ਉਹਨਾਂ ਦੁਆਰਾ ਦ੍ਰਿੜ ਕਰਾਏ ਗਏ ਸਿਧਾਂਤਾਂ ਦਾ ਭਾਵਪੂਰਤ ਪ੍ਰਗਟਾਵਾ ਕਰਦੇ ਹਨ। ਇਹਨਾਂ ਤੋਂ ਇਲਾਵਾ ਉਹ ਹੁਕਮਨਾਮੇ ਵੀ ਸਿੱਖ ਇਤਿਹਾਸ ਦਾ ਅੰਗ ਹਨ ਜਿਹੜੇ ਕਿ ਗੁਰੂ ਸਾਹਿਬਾਨ, ਗੁਰੂ ਮਹਿਲਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਾਰੀ ਕੀਤੇ ਜਾਂਦੇ ਰਹੇ ਹਨ। ਮੌਜੂਦਾ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਨਿਰੰਤਰ ਜਾਰੀ ਹੈ।
ਭਾਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰੋਜਾਨਾਂ ਹੁਕਮਨਾਮਾ ਲੈਣ ਦੀ ਪਰੰਪਰਾ ਸਿੱਖ ਧਰਮ ਵਿਚ ਪ੍ਰਚੱਲਿਤ ਹੈ ਪਰ ਜਿਹੜੇ ਹੁਕਮਨਾਮਿਆਂ ਸੰਬੰਧੀ ਵਿਚਾਰ ਕੀਤੀ ਜਾ ਰਹੀ ਹੈ ਉਹ ਸਿੱਖਾਂ ਨੂੰ ਧਾਰਮਿਕ ਇਕਸੁਰਤਾ ਅਤੇ ਸਮਾਜਿਕ ਇਕਜੁੱਟਤਾ ਵਿਚ ਪਰੋ ਕੇ ਰੱਖਣ ਦਾ ਕਾਰਜ ਕਰਦੇ ਹਨ। ਇਹਨਾਂ ਹੁਕਮਨਾਮਿਆਂ ਦਾ ਆਧਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਿਆ ਜਾਂਦਾ ਹੈ ਜਿਹੜੀ ਕਿ ਇਕ ਸਿੱਖ ਨੂੰ ਅਧਿਆਤਮਿਕ ਮਾਰਗ ’ਤੇ ਲਿਜਾਣ ਅਤੇ ਦੁਨਿਆਵੀ ਸਰੋਕਾਰਾਂ ਪ੍ਰਤੀ ਸੁਚੇਤ ਕਰਦੀ ਹੈ। ਪਿਛਲੇ ਸਮੇਂ ਵਿਚ ਹੁਕਮਨਾਮਿਆਂ ਸੰਬੰਧੀ ਜਿਹੜੇ ਕਾਰਜ ਸਾਹਮਣੇ ਆਏ ਹਨ ਉਹਨਾਂ ਵਿਚੋਂ ਡਾ. ਗੰਡਾ ਸਿੰਘ ਅਤੇ ਸ. ਸਮਸ਼ੇਰ ਸਿੰਘ ਅਸ਼ੋਕ ਦੁਆਰਾ ਸੰਪਾਦਿਤ ਕੀਤੇ ਗਏ ਹੁਕਮਨਾਮਿਆਂ ਨੂੰ ਪ੍ਰਮੁੱਖ ਸਥਾਨ ਪ੍ਰਦਾਨ ਕੀਤਾ ਜਾਂਦਾ ਹੈ। ਇਹ ਸਮਝਿਆ ਜਾਂਦਾ ਰਿਹਾ ਹੈ ਕਿ ਲਗਪਗ ਸਮੂਹ ਹੁਕਮਨਾਮੇ ਇਹਨਾਂ ਪੁਸਤਕਾਂ ਰਾਹੀਂ ਸਾਹਮਣੇ ਆ ਗਏ ਹਨ ਪਰ ਸਿੱਖ ਵਿਦਵਾਨ ਨਿਰੰਤਰ ਯਤਨ ਕਰਦੇ ਰਹੇ ਕਿ ਨਵੇਂ ਹੁਕਮਨਾਮੇ ਵੀ ਲੱਭੇ ਜਾ ਸਕਦੇ ਹਨ ਅਤੇ ਕੁੱਝ ਇਕ ਵਿਦਵਾਨਾਂ ਨੇ ਇਸ ਦਿਸ਼ਾ ਵਿਚ ਯਤਨ ਵੀ ਕੀਤਾ ਹੈ।
ਮੌਜੂਦਾ ਸਮੇਂ ਵਿਚ ਹੁਕਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼ ਸਿਰਲੇਖ ਅਧੀਨ ਇਕ ਨਵੀਂ ਪੁਸਤਕ ਸਾਹਮਣੇ ਆਏ ਹੈ ਜਿਹੜੀ ਕਿ ਡਾ. ਬਲਵੰਤ ਸਿੰਘ ਢਿੱਲੋਂ ਦੀ ਰਚਨਾ ਹੈ। ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਾਰਜਸ਼ੀਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਦੀ ਪਦਵੀ ਤੋਂ ਸੇਵਾ ਮੁਕਤ ਹੋਏ ਹਨ। ਇਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸੰਬੰਧੀ ਤੱਥਾਂ ਨੂੰ ਸਮਝਣ ਅਤੇ ਉਹਨਾਂ ਨੂੰ ਵਿਿਗਆਨਕ ਢੰਗ ਨਾਲ ਪੇਸ਼ ਕਰਨ ਵਿਚ ਲਗਾਇਆ ਹੈ। ਗੁਰਮੁਖੀ, ਅੰਗਰੇਜ਼ੀ, ਦੇਵਨਾਗਰੀ ਅਤੇ ਉਰਦੂ ਭਾਸ਼ਾ ਦੇ ਨਾਲ-ਨਾਲ ਫ਼ਾਰਸੀ ਅਤੇ ਰਾਜਸਥਾਨੀ ਭਾਸ਼ਾ ਦੇ ਗਿਆਨ ਨੇ ਇਹਨਾਂ ਦੇ ਅਧਿਐਨ ਨੂੰ ਹੋਰ ਵਧੇਰੇ ਪ੍ਰਚੰਡ ਕੀਤਾ ਹੈ। ਸਿੱਖ ਇਤਿਹਾਸ ਦੇ ਮਹੱਤਵਪੂਰਨ ਅਤੇ ਅਣਗੌਲੇ ਸਰੋਤਾਂ ਸੰਬੰਧੀ ਇਹਨਾਂ ਦੀਆਂ ਇਕ ਦਰਜਨ ਤੋਂ ਵਧੇਰੇ ਪੁਸਤਕਾਂ ਸਿੱਖ ਅਧਿਐਨ ਦਾ ਸ਼ਿੰਗਾਰ ਹਨ।
ਹੁਕਮਨਾਮਿਆਂ ਸੰਬੰਧੀ ਹਥਲੀ ਪੁਸਤਕ ਵਿਚ ਗੁਰੂ ਹਰਿਗੋਬਿੰਦ ਸਾਹਿਬ, ਬਾਬਾ ਗੁਰਦਿੱਤਾ ਜੀ, ਗੁਰੂ ਹਰਿਿਕ੍ਰਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਜੀ, ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਤੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਗਏ 144 ਹੁਕਮਨਾਮੇ ਸ਼ਾਮਲ ਹਨ। ਇਸ ਪੁਸਤਕ ਵਿਚ ਜਿਹੜੇ ਹੁਕਮਨਾਮੇ ਸ਼ਾਮਲ ਕੀਤੇ ਗਏ ਹਨ ਉਹਨਾਂ ਵਿਚ ਆਖਰੀ ਹੁਕਮਨਾਮਾ 4 ਫ਼ਰਵਰੀ 1862 ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਇਸ ਤਰ੍ਹਾਂ ਇਸ ਪੁਸਤਕ ਵਿਚ ਲਗਪਗ 250 ਸਾਲ ਵਿਚ ਜਾਰੀ ਕੀਤੇ ਗਏ ਹੁਕਮਨਾਮੇ ਸ਼ਾਮਲ ਹਨ ਜਿਹੜੇ ਕਿ ਸਿੱਖ ਧਰਮ ਅਤੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ।
ਲੇਖਕ ਨੇ ਪ੍ਰਾਪਤ ਹੋਏ ਹੁਕਮਨਾਮਿਆਂ ਨੂੰ ਅਸਲ ਰੂਪ ਵਿਚ ਪੇਸ਼ ਕਰਦੇ ਹੋਏ ਇਹਨਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਵੀ ਕੀਤਾ ਹੈ ਤਾਂ ਕਿ ਇਹਨਾਂ ਨੂੰ ਸੁਖੈਨ ਢੰਗ ਨਾਲ ਸਮਝਿਆ ਜਾ ਸਕੇ। ਖੁੱਲ੍ਹੇ ਮਨ ਨਾਲ ਉਹਨਾਂ ਸਮੂਹ ਸਰੋਤਾਂ ਦਾ ਜ਼ਿਕਰ ਕੀਤਾ ਹੈ ਜਿੱਥੋਂ ਇਹ ਹੁਕਮਨਾਮੇ ਪ੍ਰਾਪਤ ਹੋਏ ਹਨ ਜਾਂ ਜਿਹੜੇ ਪਰਿਵਾਰਾਂ ਕੋਲ ਇਹ ਸੰਭਾਲ ਕੇ ਰੱਖੇ ਹੋਏ ਸਨ। ਇਹਨਾਂ ਵਿਚ ਕੁੱਝ ਇਕ ਹੁਕਮਨਾਮੇ ਐਸੇ ਹਨ ਜਿਹੜੇ ਇਤਿਹਾਸ ਦੀਆਂ ਗੁੰਝਲਾਂ ਖੋਲਣ ਦਾ ਕਾਰਜ ਕਰਦੇ ਹਨ ਜਿਵੇਂ ਬਾਬਾ ਬੁੱਢਾ ਜੀ ਦੇ ਪਰਿਵਾਰ ਨੂੰ ਲਿਖੇ ਹੋਏ 7 ਨੰ. ਹੁਕਮਨਾਮੇ ਦਾ ਵਿਸ਼ਲੇਸ਼ਣ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਇਹ ਹੁਕਮਨਾਮਾ ਬਾਬਾ ਬਕਾਲਾ ਵਿਖੇ ਪੈਦਾ ਹੋਈ ਸੰਕਟਮਈ ਸਥਿਤੀ ਨੂੰ ਬਿਆਨ ਕਰਦਾ ਹੈ। 45 ਨੰ. ਹੁਕਮਨਾਮੇ ਵਿਚ ਸਾਹਜਾਦਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਡੇਰਾ ਕਰਨ ਦੀ ਜਾਣਕਾਰੀ ਮਿਲਦੀ ਹੈ ਜਿਸ ਤੋਂ ਉਹਨਾਂ ਦੀ ਪਟਨਾ ਤੋਂ ਢਾਕਾ ਦੀ ਯਾਤਰਾ ਦਾ ਮਾਰਗ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਮੁੰਗੇਰ, ਸਾਹਜਾਦਪੁਰ ਦੇ ਰਸਤਿਓਂ ਢਾਕਾ ਗਏ ਸਨ। ਕਈ ਗੁਰਮੁਖੀ ਸਰੋਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 1661 ਦਾ ਦੱਸਿਆ ਗਿਆ ਹੈ ਪਰ ਸਿੱਖ ਪੰਥ ਵਿਚ ਇਹ ਮਿਤੀ 1666 ਦੱਸੀ ਗਈ ਹੈ। ਹੁਕਮਨਾਮਾ ਨੰ. 46 ਅਤੇ 47 ਵਿਚੋਂ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਦੀ ਜਾਣਕਾਰੀ ਉਹਨਾਂ ਦਾ ਪ੍ਰਕਾਸ਼ 1666 ਵਿਚ ਹੋਇਆ ਸਿੱਧ ਕਰਦੀ ਹੈ।
ਹੁਕਮਨਾਮਿਆਂ ਦਾ ਵਿਸ਼ਲੇਸ਼ਣ ਕਰਦਿਆਂ ਇਤਿਹਾਸ ਦਾ ਇਕ ਹੋਰ ਅਜਿਹਾ ਅੰਸ਼ ਪ੍ਰਗਟ ਕੀਤਾ ਗਿਆ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਬਖ਼ਸ਼ਣ ਦੀ ਪ੍ਰੋੜਤਾ ਕਰਦਾ ਹੈ। ਗੁਰੂ ਹਰਿਿਕ੍ਰਸ਼ਨ ਜੀ ਦੇ ਹੁਕਮਨਾਮੇ ਵਿਚ ਪਾਕਪਟਨ ਦੇ ਭਾਈ ਬੱਠਾ ਦਾ ਜ਼ਿਕਰ ਆਇਆ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਵੀ ਉਸ ਇਲਾਕੇ ਦਾ ਮੁਖੀ ਸਿੱਖ ਸੀ। ਲੇਖਕ ਦੱਸਦਾ ਹੈ ਕਿ ਦੋਵੇਂ ਗੁਰੂ ਸਾਹਿਬਾਨ ਦੇ ਸਮੇਂ ਇਕੋ ਲਿਖਾਰੀ ਹੀ ਹੁਕਮਨਾਮੇ ਲਿਖਣ ਦੀ ਸੇਵਾ ਕਰ ਰਿਹਾ ਸੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅੱਠਵੇਂ ਪਾਤਸ਼ਾਹ ਦੇ ਦੀਵਾਨ, ਮੁਸੱਦੀਆਂ ਤੇ ਅਮਲੇ ਦੀਆਂ ਨਜ਼ਰਾਂ ਵਿਚ ਗੁਰੂ ਤੇਗ ਬਹਾਦਰ ਜੀ ਗੁਰਿਆਈ ਦੇ ਸਹੀ ਤੇ ਜਾਇਜ਼ ਵਾਰਸ ਸਨ, ਜਦੋਂ ਕਿ ਉਤਰਾਧਿਕਾਰ ਬਾਰੇ ਧੀਰ ਮੱਲ ਦੀ ਦਾਅਵੇਦਾਰੀ ਖ਼ੁਦਗਰਜ਼ੀ ਤੋਂ ਪ੍ਰੇਰਿਤ ਸੀ।
ਇਸੇ ਤਰ੍ਹਾਂ ਲਖਨਊ ਦੇ ਅਹੀਆ ਗੰਜ ਗੁਰਦੁਆਰੇ ਵਿਚ ਸੰਭਾਲ ਕੇ ਰੱਖੇ ਹੋਏ ਹੁਕਮਨਾਮੇ (ਨੰ. 93) ’ਤੇ ਲੱਗੀ ਹੋਈ ਮੋਹਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ’ਤੇ ਇਹ ਇਬਾਰਤ ਲਿਖੀ ਹੋਈ ਹੈ ‘ੴਸਤਿਗੁਰ ਪ੍ਰਸਾਦਿ (ਦੇਗ ਤੇਗ ਫਤਿਹ) ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਸਹਾਇ।’ ਹੁਣ ਤੱਕ ਇਤਿਹਾਸਕਾਰਾਂ ਵੱਲੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਹ ਇਬਾਰਤ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ’ਤੇ ਲੱਗੀ ਹੋਈ ਸੀ। ਇਸ ਤੋਂ ਇਲਾਵਾ ਹੋਰਨਾਂ ਸ਼ਸਤਰਾਂ ਅਤੇ ਸਾਹਤਿਕ ਕ੍ਰਿਤਾਂ ਦੇ ਹਵਾਲਿਆਂ ਨਾਲ ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਸਭ ਤੋਂ ਪਹਿਲਾਂ ਇਹ ਇਬਾਰਤ ਦਸਮ ਪਾਤਸ਼ਾਹ ਵੱਲੋਂ ਲਿਖੀ ਗਈ ਸੀ।
ਹੁਕਮਨਾਮਿਆਂ ਵਿਚੋਂ ਸਿੱਖਾਂ ਦੇ ਆਚਾਰ, ਵਿਹਾਰ, ਪਾਸਾਰ ਅਤੇ ਮਨਾਏ ਜਾਂਦੇ ਤਿਉਹਾਰਾਂ ਦਾ ਜ਼ਿਕਰ ਮਿਲਦਾ ਹੈ। ਕੁੱਝ ਹੁਕਮਨਾਮੇ ਅਜਿਹੇ ਵੀ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਵੱਲੋਂ 100 ਤੋਲੇ ਸੋਨਾ, 700 ਰੁਪਏ, 900 ਰੁਪਏ ਆਦਿ ਭਾਰੀ ਮਾਇਆ ਦੀ ਮੰਗ ਕੀਤੀ ਗਈ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ ਕਿ ਜਾਂ ਤਾਂ ਉਹਨਾਂ ਇਲਾਕਿਆਂ ਵਿਚ ਉਸ ਸਮੇਂ ਸਿੱਖੀ ਦਾ ਬੂਟਾ ਵਿਸ਼ਾਲ ਰੂਪ ਵਿਚ ਸਥਾਪਿਤ ਹੋ ਗਿਆ ਹੋਵੇਗਾ ਜਾਂ ਸੰਗਤ ਵਿਚ ਅਜਿਹੇ ਧਨਵਾਨ ਅਤੇ ਸ਼ਰਧਾਵਾਨ ਸਿੱਖ ਮੌਜੂਦ ਸਨ ਜਿਹੜੇ ਗੁਰੂ ਸਾਹਿਬ ਦੇ ਅਜਿਹੇ ਆਦੇਸ਼ਾਂ ਦੀ ਪਾਲਣਾ ਕਰਨ ਦੇ ਸਮਰੱਥ ਸਨ।
ਇਹ ਹੁਕਮਨਾਮੇ ਗੁਰੂ ਘਰ ਵਿਚ ਪੈਦਾ ਹੋਏ ਅੰਦਰੂਨੀ ਸੰਕਟ, ਬਾਹਰਮੁਖੀ ਚੁਣੌਤੀਆਂ, ਗੁਰੂ ਸਾਹਿਬਾਨ ਦਾ ਸਿੱਖਾਂ ਪ੍ਰਤੀ ਲਗਾਉ, ਸਿੱਖਾਂ ਨੂੰ ਅਧਿਆਤਮਿਕ ਮਾਰਗ ’ਤੇ ਚੱਲਣ ਦੀ ਪ੍ਰੇਰਨਾ, ਸਮਾਜ ਵਿਚ ਰਹਿੰਦੇ ਹੋਏ ਗੁਰੂ ਨੂੰ ਹਮੇਸ਼ਾਂ ਯਾਦ ਰੱਖਣ, ਗੁਰੂ ’ਤੇ ਭਰੋਸਾ ਰੱਖਣ, ਗੁਰੂ ਤੋਂ ਮੰਨਤਾਂ ਮੰਗਣ, ਗੁਰੂ ਘਰ ਦੀ ਸੇਵਾ ਕਰਨ, ਪਰਮਾਤਮਾ ਅੱਗੇ ਅਰਦਾਸ ਕਰਨ, ਦਸਵੰਧ ਗੁਰੂ ਘਰ ਭੇਜਣ ਆਦਿ ਦਾ ਜ਼ਿਕਰ ਕਰਦੇ ਹਨ। ਗੁਰੂ ਸਾਹਿਬਾਨ ਸਿੱਖਾਂ ਨੂੰ ਵਾਰ-ਵਾਰ ਸਦਾਚਾਰਿਕ ਜੀਵਨ ਬਸਰ ਕਰਨ ਅਤੇ ਪਰਮਾਤਮਾ ਦੇ ਮਾਰਗ ’ਤੇ ਚੱਲਣ ਦੀ ਵਾਰ-ਵਾਰ ਯਾਦ ਦਿਵਾਉਂਦੇ ਹਨ। ਸਿੱਖ ਸੰਗਤਾਂ ਦੀ ਗੁਰੂ ਸਾਹਿਬਾਨ ਪ੍ਰਤੀ ਦ੍ਰਿੜਤਾ ਦਾ ਜ਼ਿਕਰ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਇਹ ਸਭ ਕੁਝ ਗੁਰੂ ਸਾਹਿਬਾਨ ਦੀ ਕ੍ਰਿਸ਼ਮਈ ਸ਼ਖ਼ਸੀਅਤ ਅਤੇ ਪ੍ਰੇਮ-ਪਿਆਰ ਵਾਲੀ ਅਪਣੱਤ ਕਰਕੇ ਹੀ ਸੰਭਵ ਹੋ ਸਕਿਆ ਸੀ।
ਹੁਕਮਨਾਮਿਆਂ ਵਿਚੋਂ ਪ੍ਰਾਪਤ ਹੋਏ ਸੰਗਤਾਂ ਦੇ ਵੇਰਵੇ ਦੱਸਦੇ ਹਨ ਕਿ ਉਸ ਸਮੇਂ ਦੌਰਾਨ ਸਿੱਖੀ ਕਿੰਨੀ ਦੂਰ ਤੱਕ ਫੈਲ ਗਈ ਸੀ। ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਸਿੱਖ ਗੁਰੂ ਘਰ ਨਾਲ ਜੁੜੇ ਰਹਿੰਦੇ ਸਨ ਅਤੇ ਸਾਲ ਵਿਚ ਦੋ ਵਾਰੀ ਦੀਵਾਲੀ ਅਤੇ ਵਿਸਾਖੀ ਦੇ ਮੌਕੇ ਗੁਰੂ ਘਰ ਆਉਣ ਵਿਚ ਮਾਣ ਮਹਿਸੂਸ ਕਰਦੇ ਸਨ। ਹੁਕਮਨਾਮੇ ਦੱਸਦੇ ਹਨ ਕਿ ਉਸ ਸਮੇਂ ਕਾਬੁਲ ਤੋਂ ਲੈ ਕੇ ਬੰਗਲਾਦੇਸ਼ ਦੇ ਵਿਿਭੰਨ ਇਲਾਕਿਆਂ ਵਿਚ ਸਿੱਖ ਵੱਸਦੇ ਸਨ ਜਿਸ ਦੇ ਅਧਾਰ ’ਤੇ ਲੇਖਕ ਇਹਨਾਂ ਨੂੰ ‘ਸਿੱਖ ਪੰਥ ਦਾ ਭਾਰਤੀ ਧੳਿਸਪੋਰੳ’ ਦੱਸਦਾ ਹੈ।
1978 ਤੋਂ ਇਸ ਖੋਜ ਕਾਰਜ ਵਿਚ ਲੱਗੇ ਹੋਏ ਵਿਦਵਾਨ ਲੇਖਕ ਨੇ ਯੂਨੀਵਰਸਿਟੀਆਂ, ਸਿੱਖ ਸੰਸਥਾਵਾਂ ਅਤੇ ਗੁਰਸਿੱਖ ਪਰਿਵਾਰਾਂ ਵੱਲੋਂ ਸੰਭਾਲ ਕੇ ਰੱਖੇ ਹੋਏ ਹੁਕਮਨਾਮਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਇਹਨਾਂ ਨੇ ਪ੍ਰਾਪਤ ਹੁਕਮਨਾਮਿਆਂ ਨੂੰ ਦੇਖ ਕੇ ਜਿੱਥੇ ਖੁਸ਼ੀ ਮਹਿਸੂਸ ਕੀਤੀ ਉੱਥੇ ਇਹਨਾਂ ਦੀ ਸਾਂਭ-ਸੰਭਾਲ ਦੇ ਢੰਗ ’ਤੇ ਨਿਰਾਸ਼ਾ ਵੀ ਜਾਹਰ ਕੀਤੀ ਹੈ। ਇਹ ਮਹਿਸੂਸ ਕਰਦੇ ਹਨ ਕਿ ਜੁਗਾੜੂ ਅਤੇ ਗੈਰ-ਵਿਿਗਆਨਕ ਢੰਗ ਨਾਲ ਸੰਭਾਲ ਕੇ ਰੱਖੇ ਹੋਏ ਇਹਨਾਂ ਹੁਕਮਨਾਮਿਆਂ ਦੇ ਬਹੁਤੇ ਲੰਮੇ ਸਮੇਂ ਤੱਕ ਦਰਸ਼ਨ ਨਸੀਬ ਨਹੀਂ ਹੋ ਸਕਣਗੇ। ਜਿਹੜੀ ਪ੍ਰਮੁੱਖ ਸਿੱਖ ਸੰਸਥਾ ਕੋਲ ਇਹ ਹੁਕਮਨਾਮੇ ਅਸਲ ਰੂਪ ਵਿਚ ਮੌਜੂਦ ਸਨ, ਹੁਣ ਉਹਨਾਂ ਕੋਲ ਇਹਨਾਂ ਦੇ ਵਾਈਟ ਐਂਡ ਬਲੈਕ ਅਕਸ ਵੀ ਨਹੀਂ ਮਿਲਦੇ।
ਇਸ ਪੁਸਤਕ ਵਿਚ ਸ਼ਾਮਲ ਹੁਕਮਨਾਮੇ ਬਹੁਤ ਹੀ ਸਪਸ਼ਟ, ਸੁੰਦਰ, ਦਰਸ਼ਨੀ, ਦਿਲ-ਖਿੱਚਵੇਂ ਅਤੇ ਰੰਗਦਾਰ ਹਨ। ਹੁਕਮਨਾਮਿਆਂ ਨੂੰ ਇਸ ਰੂਪ ਵਿਚ ਦੇਖਣ ਨਾਲ ਹੀ ਪਾਠਕ ਦਾ ਮਨ ਇਹਨਾਂ ਨੂੰ ਪੜ੍ਹਨ ਅਤੇ ਸੰਭਾਲ ਕੇ ਰੱਖਣ ਦੀ ਰੁਚੀ ਪੈਦਾ ਕਰਦਾ ਹੈ। ਲੇਖਕ ਦੱਸਦਾ ਹੈ ਕਿ 17ਵੀਂ-18ਵੀਂ ਸਦੀ ਵਿਚ ਸਿੱਖ ਪੰਥ ਦੀ ਸੰਰਚਨਾ ਨੂੰ ਸਮਝਣ ਵਾਲੇ ਇਹ ਹੁਕਮਨਾਮੇ ਅੱਖਰਾਂ ਦੀ ਨੁਹਾਰ ਅਤੇ ਵਿਕਾਸ ਦਾ ਵੀ ਜ਼ਿੰਦਾ ਸਬੂਤ ਹਨ।
ਲੇਖਕ ਨੇ ਇਸ ਪੁਸਤਕ ਵਿਚ ਪੰਜ ਅਜਿਹੇ ਹੁਕਮਨਾਮੇ ਸ਼ਾਮਲ ਕੀਤੇ ਹਨ ਜਿਹੜੇ ਕਿ ਭਾਵੇਂ ਅਸਲ ਰੂਪ ਵਿਚ ਤਾਂ ਮੌਜੂਦ ਨਹੀਂ ਹਨ ਪਰ ਉਹਨਾਂ ਦਾ ਉਰਦੂ ਭਾਸ਼ਾ ਵਿਚ ਕੀਤਾ ਗਿਆ ਉਤਾਰਾ ਮੌਜੂਦ ਹੈ। ਇਸ ਤੋਂ ਇਲਾਵਾ ਲੇਖਕ ਨੇ ਚਾਰ ਜਾਅਲੀ ਹੁਕਮਨਾਮੇ (ਨੰ. 76, 103-04, 106) ਵੀ ਇਸ ਪੁਸਤਕ ਸ਼ਾਮਲ ਕੀਤੇ ਹਨ ਜਿਨ੍ਹਾਂ ਸੰਬੰਧੀ ਇਹ ਤਰਕ ਦਿੱਤਾ ਗਿਆ ਹੈ ਕਿ ਅਜਿਹੇ ਹੁਕਮਨਾਮਿਆਂ ਸੰਬੰਧੀ ਜਾਣਕਾਰੀ ਵੀ ਪਾਠਕਾਂ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਉਹ ਅਸਲ ਅਤੇ ਨਕਲ ਵਿਚ ਨਿਰਣਾ ਕਰ ਸਕਣ।
ਹੁਕਮਨਾਮਿਆਂ ਦਾ ਵਿਸ਼ਲੇਸ਼ਣ ਕਰਦਿਆਂ ਲੇਖਕ ਨੇ ਕਈ ਥਾਈਂ ‘ਅਨੁਮਾਨ ਹੈ’, ‘ਕਿਆਸ ਹੀ ਹੈ’, ‘ਸਾਡੀ ਸਮਝ ਵਿਚ’ ਆਦਿ ਸ਼ਬਦ ਵਰਤੇ ਹਨ ਜਿਹੜੇ ਕਿ ਸਿੱਖ ਇਤਿਹਾਸ ਦੇ ਖੋਜੀਆਂ ਵਿਚ ਬੇਚੈਨੀ ਪੈਦਾ ਕਰਨ ਵਾਲੇ ਜਾਂ ਹੋਰ ਵਧੇਰੇ ਖੋਜ ਕਰਨ ਵੱਲ ਰੁਚਿਤ ਕਰਦੇ ਹਨ। ਇਸ ਤੋਂ ਇਲਾਵਾ ਲੇਖਕ ਨੇ ਗੁਰੂ ਤੇਗ ਬਹਾਦਰ ਜੀ ਦਾ ਰਾਜਾ ਰਾਮ ਸਿੰਘ ਨਾਲ ਪਟਨਾ ਸਾਹਿਬ ਤੋਂ ਅਸਾਮ ਜਾਣ ਅਤੇ ਪਟਨਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਆਗਰੇ ਤੋਂ ਗ਼੍ਰਿਫ਼ਤਾਰੀ ਦਾ ਜ਼ਿਕਰ ਵੀ ਕੀਤਾ ਹੈ ਜਿਹੜਾ ਕਿ ਵਿਦਵਾਨਾਂ ਨੂੰ ਤੱਥਾਂ ਦੀ ਹੋਰ ਵਧੇਰੇ ਖੋਜ ਕਰਨ ਲਈ ਪ੍ਰੇਰਿਤ ਕਰਦਾ ਹੈ।
ਕੁੱਲ ਮਿਲਾ ਕੇ, ਲੇਖਕ ਨੇ ਸਾਲਾਂ ਬੱਧੀ ਯਤਨ ਅਤੇ ਮਿਹਨਤ ਕਰਨ ਉਪਰੰਤ ਮਹੱਤਵਪੂਰਨ ਹੁਕਮਨਾਮਿਆਂ ਨੂੰ ਇਕੱਤਰ ਕਰਕੇ ਪਾਠਕਾਂ ਅਤੇ ਸਿੱਖ ਅਧਿਐਨ ਦੇ ਖੋਜੀਆਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਡਾ. ਗੰਡਾ ਸਿੰਘ ਅਤੇ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਹੁਕਮਨਾਮਿਆਂ ਸੰਬੰਧੀ ਤਿਆਰ ਕੀਤੀਆਂ ਪੁਸਤਕਾਂ ਤੋਂ ਲਗਪਗ 60 ਸਾਲ ਬਾਅਦ ਸਾਹਮਣੇ ਆਈ ਇਹ ਸਰੋਤ ਪੁਸਤਕ ਸਿੱਖ ਅਧਿਐਨ ਦੇ ਖੋਜੀਆਂ ਲਈ ਨਿਸਚਿਤ ਰੂਪ ਵਿਚ ਲਾਹੇਵੰਦ ਸਾਬਿਤ ਹੋਵੇਗੀ ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।
Comments
Start the conversation
Become a member of New India Abroad to start commenting.
Sign Up Now
Already have an account? Login