ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੇ ਤਕਰੀਬਨ 9000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ / provided
ਮੈਲਬੌਰਨ,ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਖੇਡ ਅਤੇ ਸੱਭਿਆਚਾਰਕ ਮੇਲੇ, ‘38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ’ ਦਾ ਮੈਲਬੌਰਨ ਦੇ ਪਾਰਕਵਿਲੇ ਵਿਖੇ 3 ਤੋਂ 5 ਅਪ੍ਰੈਲ 2026 ਤੱਕ ਚੱਲਿਆ ਤਿੰਨ ਦਿਨਾਂ ਸ਼ਾਨਦਾਰ ਸਫ਼ਰ ਬੀਤੇ ਐਤਵਾਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਵਾਰ ਖੇਡਾਂ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ਵਿੱਚ ਲਗਭਗ 1 ਲੱਖ ਤੋਂ ਵੱਧ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੇ ਤਕਰੀਬਨ 9000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਮੈਲਬੌਰਨ ਦੇ ਸਟੇਟ ਨੈੱਟਬਾਲ ਅਤੇ ਹਾਕੀ ਸੈਂਟਰ ਸਮੇਤ ਵੱਖ-ਵੱਖ ਖੇਡ ਮੈਦਾਨਾਂ ਵਿੱਚ ਕਬੱਡੀ, ਹਾਕੀ, ਫੁੱਟਬਾਲ, ਕ੍ਰਿਕਟ ਅਤੇ ਬਾਸਕਟਬਾਲ ਵਰਗੇ 15 ਤੋਂ ਵੱਧ ਖੇਡ ਮੁਕਾਬਲੇ ਕਰਵਾਏ ਗਏ। ਖੇਡਾਂ ਦੇ ਆਖ਼ਰੀ ਦਿਨ ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਨੇ ਆਪਣੀ ਗਾਇਕੀ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਦਰਸ਼ਕਾਂ ਨੇ ਪੂਰੇ ਜੋਸ਼ ਨਾਲ ਨੱਚ ਕੇ ਇਸ ਖੇਡ ਮੇਲੇ ਦਾ ਜਸ਼ਨ ਮਨਾਇਆ।
ਕਬੱਡੀ ਵਿੱਚ ਸਥਾਨਕ ਕਲੱਬਾਂ ਦਾ ਦਬਦਬਾ ਦੇਖਣ ਨੂੰ ਮਿਲਿਆ / courtesyਖੇਡਾਂ ਦੇ ਸਭ ਤੋਂ ਮਕਬੂਲ ਮੁਕਾਬਲੇ ਕਬੱਡੀ ਵਿੱਚ ਇਸ ਵਾਰ ਸਥਾਨਕ ਕਲੱਬਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਓਪਨ ਕਬੱਡੀ ਦੇ ਫਾਈਨਲ ਵਿੱਚ ਸਿੰਘ ਸੂਰਮੇ ਕਲੱਬ ਮੈਲਬੌਰਨ ਨੇ ਆਪਣੀ ਤਾਕਤ ਅਤੇ ਤਕਨੀਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਟਰਾਫ਼ੀ ਆਪਣੇ ਨਾਂ ਕੀਤੀ। ਹਾਕੀ ਦੇ ਫਾਈਨਲ ਵਿੱਚ ਵਿਕਟੋਰੀਅਨ ਸਿੱਖ ਐਸੋਸੀਏਸ਼ਨ (ਵੀ.ਐਸ.ਏ) ਨੇ ਬ੍ਰਿਸਬੇਨ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਜਦਕਿ ਸੌਕਰ ਵਿੱਚ ਮੈਲਬੌਰਨ ਸਿੱਖ ਯੂਨਾਈਟਿਡ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕਰਕੇ ਆਪਣਾ ਲੋਹਾ ਮਨਵਾਇਆ। ਮਹਿਲਾਵਾਂ ਦੇ ਨੈੱਟਬਾਲ ਮੁਕਾਬਲਿਆਂ ਵਿੱਚ ਸਿਡਨੀ ਸਿੱਖਸ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਗੱਤਕਾ, ਗਿੱਧਾ ਅਤੇ ਭੰਗੜਾ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਿੱਖ ਵਿਰਸੇ ਦੀ ਪੇਸ਼ਕਾਰੀ ਕੀਤੀ ਅਤੇ ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਆਸਟਰੇਲੀਅਨ ਸਿੱਖ ਖੇਡਾਂ ਦੌਰਾਨ ਪ੍ਰਦਰਸ਼ਨੀ ਵੀ ਲਗਾਈ ਗਈ / provided
ਐਤਕੀਂ ਦੀਆਂ ਆਸਟਰੇਲੀਅਨ ਸਿੱਖ ਖੇਡਾਂ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਸਾਹਿਤ ਪ੍ਰੇਮੀਆਂ ਨੇ ਸਾਹਿਤ ਪ੍ਰਤੀ ਖਾਸ ਰੁਚੀ ਵਿਖਾਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਕ ਸਭਾ ਵੱਲੋਂ ਬੱਚਿਆਂ ਨੂੰ ਫੱਟੀ ਲਿਖਣ ਅਤੇ ਦਸਤਾਰਾਂ ਸਜਾਉਣ ਦੀ ਵਿਸ਼ੇਸ਼ ਸੇਵਾ ਕੀਤੀ ਗਈ। ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ, ਵਿਰਾਸਤੀ ਸਕੂਲ,ਪੁਰਾਤਨ ਸਿੱਕਿਆਂ ਦੀ ਪ੍ਰਦਰਸ਼ਨੀ, ਸਿੱਖ ਰਾਜ ਯੁੱਗ ਦੀ ਪ੍ਰਦਰਸ਼ਨੀ, ਪੇਡੂ ਸੱਭਿਆਚਾਰ ਨੂੰ ਦਰਸਾਉਂਦੀ ਵਸਤਾਂ ਦੀ ਨੁਮਾਇਸ਼ ਸਮੇਤ ਕਈ ਵੰਨਗੀਆਂ ਦਰਸ਼ਕਾਂ ਦੀ ਖਿੱਚ ਕੇਂਦਰ ਰਹੀਆਂ। ਪੰਜਾਬੀ ਲੋਕ ਨਾਚ ਗਿੱਧਾ-ਭੰਗੜਾ, ਅਤੇ ਹੋਰ ਸੱਭਿਆਚਾਰਕ ਰੰਗਾਂ ਨੇ ਦਰਸ਼ਕਾਂ ਪ੍ਰਤੀ ਉਤਸੁਕਤਾ ਜਗਾਈ ਰੱਖੀ। ਰੰਗ ਬਰੰਗੀਆਂ ਦਸਤਾਰਾਂ ਅਤੇ ਦੁਪੱਟਿਆਂ ਵਿੱਚ ਸਜੇ ਬੱਚੇ- ਬੱਚੀਆਂ,ਨੌਜਵਾਨ ਅਤੇ ਮੁਟਿਆਰਾਂ ਦੇ ਪਹਿਰਾਵਿਆਂ ਨੇ ਪੰਜਾਬ ਵਰਗਾ ਮਾਹੌਲ ਸਿਰਜ ਦਿੱਤਾ।
ਐਤਵਾਰ ਰਾਤ ਨੂੰ ਮੈਲਬੌਰਨ ਦੇ ਪ੍ਰਸਿੱਧ 'ਕਰਾਊਨ ਪੈਲੇਡੀਅਮ' ਵਿਖੇ ਹੋਈ ‘ਜਸ਼ਨ ਦੀ ਰਾਤ’ ਦੇ ਨਾਲ ਇਨ੍ਹਾਂ ਖੇਡਾਂ ਦੀ ਅਧਿਕਾਰਤ ਸਮਾਪਤੀ ਹੋਈ। ਇਸ ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਖੇਡਾਂ ਦੀ ਇਸ ਇਤਿਹਾਸਕ ਸਫਲਤਾ ਨੇ ਆਸਟ੍ਰੇਲੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਏਕਤਾ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਜਜ਼ਬੇ ਨੂੰ ਪੂਰੀ ਦੁਨੀਆ ਸਾਹਮਣੇ ਇੱਕ ਵਾਰ ਫਿਰ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਅਗਲੇ ਸਾਲ ਭਾਵ ਸਾਲ 2027 ਦੀਆਂ ਸਿੱਖ ਖੇਡਾਂ ਪਰਥ ਸ਼ਹਿਰ ਵਿੱਚ ਕਰਵਾਉਣ ਦੇ ਐਲਾਨ ਨਾਲ ਇਹ ਖੇਡ ਮੇਲਾ ਐਤਕੀਂ ਦੇ ਆਪਣੇ ਅੰਜਾਮ ਤੱਕ ਪੁੱਜਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login