ADVERTISEMENT

ADVERTISEMENT

ਪੰਜਾਬ ਵਿਜੀਲੈਂਸ ਬਿਊਰੋ ਨੇ ਚੁੱਕਿਆ ਸਖ਼ਤ ਕਦਮ, ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ, ਕੀਤਾ ਗ੍ਰਿਫ਼ਤਾਰ

ਛਾਪੇਦਾਰੀ ਦੇ ਦੌਰਾਨ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗੁਨੀਵ ਕੌਰ ਮਜੀਠੀਆ ਵੀ ਘਰ 'ਚ ਮੌਜੂਦ ਸਨ।

ਬਿਕਰਮ ਸਿੰਘ ਮਜੀਠੀਆ ਗ੍ਰਿਫ਼ਤਾਰ / courtesy photo

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ.) ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਨਿਵਾਸ 'ਤੇ ਛਾਪੇਮਾਰੀ ਮਗਰੋਂ ਗਿਰਫ਼ਤਾਰ ਕਰ ਲਿਆ ਹੈ। ਛਾਪੇਦਾਰੀ ਦੇ ਦੌਰਾਨ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗੁਨੀਵ ਕੌਰ ਮਜੀਠੀਆ ਵੀ ਘਰ 'ਚ ਮੌਜੂਦ ਸਨ। ਮਜੀਠੀਆ ਨੇ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਦੋਹਾਂ ਬੱਚਿਆਂ ਨੂੰ ਪਿਆਰ ਕੀਤਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਇਹ ਕਾਰਵਾਈ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀ ਸਾਂਝੀ ਕਾਰਵਾਈ ਦਾ ਹਿੱਸਾ ਸੀ, ਜਿਸ ਵਿੱਚ ਪੂਰੇ ਪੰਜਾਬ ਵਿਚ 25 ਥਾਵਾਂ 'ਤੇ ਛਾਪੇ ਮਾਰੇ ਗਏ, ਜਿਨ੍ਹਾਂ ਵਿਚੋਂ ਮਜੀਠੀਆ ਨਾਲ ਸੰਬੰਧਤ ਅੰਮ੍ਰਿਤਸਰ ਦੀਆਂ 9 ਥਾਂਵਾਂ ਸ਼ਾਮਲ ਸਨ। ਇਸੇ ਦੌਰਾਨ, ਪੁਲਿਸ ਅਤੇ ਵਿਜੀਲੈਂਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਸਾਰੇ ਰਾਜ ਵਿਚ ਸਿਆਸੀ ਗਰਮਾਹਟ ਪੈਦਾ ਹੋ ਗਈ ਹੈ।

ਅਸਲ ਵਿੱਚ, ਬੁੱਧਵਾਰ ਸਵੇਰੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਸਾਰੇ ਪੰਜਾਬ ਵਿੱਚ 25 ਥਾਵਾਂ 'ਤੇ ਛਾਪੇ ਮਾਰੇ ਗਏ ਸਨ, ਜਿਨ੍ਹਾਂ ਵਿੱਚ ਬਿਕਰਮ ਮਜੀਠੀਆ ਦਾ ਅੰਮ੍ਰਿਤਸਰ ਸਥਿਤ ਨਿਵਾਸ ਅਤੇ ਉਨ੍ਹਾਂ ਨਾਲ ਸੰਬੰਧਤ 9 ਥਾਵਾਂ ਵੀ ਸ਼ਾਮਲ ਸਨ। ਮਜੀਠੀਆ ਨੇ ਇਸ ਕਾਰਵਾਈ ਨੂੰ ਰਾਜਨੀਤਿਕ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗੀ।  ਛਾਪੇਮਾਰੀ ਤੋਂ ਬਾਅਦ ਮਜੀਠੀਆ ਨੇ ਕਿਹਾ, “ਮੇਰੀ ਆਵਾਜ਼ ਨੂੰ ਦਬਾਉਣ ਲਈ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਵਿਜੀਲੈਂਸ ਨੇ ਇੱਕ ਐਫਆਈਆਰ ਦਰਜ ਕੀਤੀ ਅਤੇ ਅੱਜ (ਬੁੱਧਵਾਰ) ਸਵੇਰੇ ਮੇਰੇ ਅੰਮ੍ਰਿਤਸਰ ਵਾਲੇ ਘਰ ਵਿੱਚ ਜਬਰਦਸਤੀ ਘੁੱਸ ਆਏ। ਇਹ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਹੈ, ਜਿਸ ਦੀ ਲੜਾਈ ਲੜੀ ਜਾਵੇਗੀ।”

ਉਨ੍ਹਾਂ ਇਹ ਵੀ ਕਿਹਾ, “ਮੈਂ ਇਹ ਗੱਲ ਪਹਿਲਾਂ ਹੀ ਸਭ ਨੂੰ ਦੱਸ ਦਿੱਤੀ ਸੀ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨੂੰ ਮੇਰੇ ਖ਼ਿਲਾਫ਼ ਝੂਠੇ ਡਰੱਗ ਕੇਸ ਵਿੱਚ ਕੁਝ ਨਹੀਂ ਮਿਲਿਆ ਤਾਂ ਹੁਣ ਮੇਰੇ ਵਿਰੁੱਧ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਹੈ। ਭਗਵੰਤ ਮਾਨ, ਇਹ ਗੱਲ ਸਮਝ ਲਵੋ, ਤੁਸੀਂ ਚਾਹੇ ਜਿੰਨੇ ਮਰਜ਼ੀ ਕਾਗਜ਼ ਲੈ ਆਓ, ਨਾ ਤਾਂ ਮੈਂ ਡਰਾਂਗਾ ਅਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ।”

ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਅਤੇ ਆਗੂਆਂ ਵਲੋਂ ਵਿਜੀਲੈਂਸ ਬਿਊਰੋ ਅਤੇ ਪੰਜਾਬ ਦੀ ਮਾਨ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਕਾਲੀ ਆਗੂਆਂ ਵਲੋਂ ਸਰਕਾਰ ਦੇ ਇਸ ਐਕਸ਼ਨ ਨੂੰ ਸਿਆਸੀ ਰੰਜਿਸ ਵੀ ਆਖਿਆ ਗਿਆ ਹੈ। 

Comments

Related