ADVERTISEMENT

ADVERTISEMENT

ਕਾਂਕਰੋਚ ਜਨਤਾ ਪਾਰਟੀ ਦਾ ਅੰਮ੍ਰਿਤਸਰ ਵਿੱਚ ਅੱਜ ਪ੍ਰਦਰਸ਼ਨ

NEET ਅਤੇ CBSE ਵਿਦਿਆਰਥੀਆਂ ਦੇ ਸਮਰਥਨ ਵਿੱਚ ਗੋਲਡਨ ਗੇਟ ਨੇੜੇ ਇਕੱਠੇ ਹੋਣ ਦੀ ਅਪੀਲ; ਸੰਸਥਾਪਕ ਅਭਿਜੀਤ ਦੀਪਕੇ ਵੀ ਹੋਣਗੇ ਸ਼ਾਮਲ

 ਅਪੀਲ ਪੋਸਟਰ ਅਪੀਲ ਪੋਸਟਰ / CJP

ਕਾਂਕਰੋਚ ਜਨਤਾ ਪਾਰਟੀ (CJP) ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਗੋਲਡਨ ਗੇਟ ਨੇੜੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

 

ਦੀਪਕੇ ਨੇ ਕਿਹਾ ਕਿ ਇਹ ਪ੍ਰਦਰਸ਼ਨ NEET ਅਤੇ CBSE ਦੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਣ ਤਾਂ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਭਾਵਸ਼ਾਲੀ ਦਬਾਅ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰੀ ਤੋਂ ਵੀ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।

 

ਕਾਂਕਰੋਚ ਜਨਤਾ ਪਾਰਟੀ ਦੀ ਸਥਾਪਨਾ ਮਈ 2026 ਵਿੱਚ ਹੋਈ ਸੀ। ਪਾਰਟੀ ਦਾ ਦਾਅਵਾ ਹੈ ਕਿ ਉਹ ਵਿਦਿਆਰਥੀਆਂ, ਬੇਰੁਜ਼ਗਾਰ ਨੌਜਵਾਨਾਂ ਅਤੇ ਪ੍ਰੀਖਿਆ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੁੱਖ ਮੁੱਦੇ ਵਜੋਂ ਉਠਾ ਰਹੀ ਹੈ। ਪਾਰਟੀ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਪੇਪਰ ਲੀਕ, ਨਤੀਜਿਆਂ ਵਿੱਚ ਦੇਰੀ ਅਤੇ ਉਮੀਦਵਾਰਾਂ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਕਈ ਸੁਝਾਅ ਵੀ ਪੇਸ਼ ਕੀਤੇ ਹਨ।

 

ਪਾਰਟੀ ਦੀਆਂ ਮੁੱਖ ਮੰਗਾਂ ਵਿੱਚ ਪ੍ਰੀਖਿਆ ਰੱਦ ਹੋਣ ਜਾਂ ਪੇਪਰ ਲੀਕ ਹੋਣ ਦੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣਾ, ਵੱਡੀਆਂ ਪ੍ਰੀਖਿਆਵਾਂ ਲਈ ਬੈਕਅਪ ਤਾਰੀਖਾਂ ਨਿਰਧਾਰਤ ਕਰਨਾ, ਉੱਤਰ-ਪੱਤਰੀਆਂ ਦੀ ਜਾਂਚ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣਾ, ਦੇਰੀ ਨਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਉਮਰ ਸੀਮਾ ਵਿੱਚ ਛੋਟ ਦੇਣਾ ਅਤੇ ਕੰਪਿਊਟਰ ਅਧਾਰਿਤ ਪ੍ਰੀਖਿਆਵਾਂ ਦਾ ਸੁਤੰਤਰ ਆਡਿਟ ਕਰਵਾਉਣਾ ਸ਼ਾਮਲ ਹੈ।

 

ਅਭਿਜੀਤ ਦੀਪਕੇ ਨੇ 11 ਜੂਨ ਤੋਂ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਅਨੁਸਾਰ ਪੁਣੇ ਅਤੇ ਲਖਨਊ ਤੋਂ ਬਾਅਦ ਅੰਮ੍ਰਿਤਸਰ ਇਸ ਮੁਹਿੰਮ ਦਾ ਅਗਲਾ ਕੇਂਦਰ ਹੋਵੇਗਾ। ਇਸ ਤੋਂ ਬਾਅਦ ਜੈਪੁਰ, ਬੈਂਗਲੁਰੂ ਅਤੇ ਦਿੱਲੀ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਪ੍ਰੋਗਰਾਮ ਕੀਤੇ ਜਾਣ ਦੀ ਯੋਜਨਾ ਹੈ।

 

ਇਸ ਦੌਰਾਨ ਅਭਿਜੀਤ ਦੀਪਕੇ ਇੱਕ ਹੋਰ ਬਿਆਨ ਨੂੰ ਲੈ ਕੇ ਵੀ ਚਰਚਾ ਵਿੱਚ ਰਹੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਸਲੀ ਨਹੀਂ ਸੀ, ਸਗੋਂ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਸੀ।

 

ਅੱਜ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਚਰਚਾ ਬਣੀ ਹੋਈ ਹੈ, ਜਦਕਿ ਪ੍ਰਸ਼ਾਸਨ ਵੱਲੋਂ ਵੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

Comments

Related