ਰਾਜਦੂਤ ਸਰਜੀਓ ਗੋਰ / IANS/Qamar Sibtain
ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਹੋਣ 'ਤੇ ਭਾਰਤ-ਅਮਰੀਕਾ ਸਬੰਧਾਂ ਵਿੱਚ ਆਈ ਤੇਜ਼ੀ ਅਤੇ ਪ੍ਰਗਤੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਦੇਸ਼ ਹੁਣ ਸਿਰਫ਼ ਗੱਲਾਂ ਤੱਕ ਸੀਮਤ ਨਹੀਂ ਹਨ, ਸਗੋਂ ਠੋਸ ਨਤੀਜੇ ਸਾਹਮਣੇ ਆ ਰਹੇ ਹਨ।
ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪਣੀ ਪ੍ਰਗਤੀ ਰਿਪੋਰਟ ਸਾਂਝੀ ਕਰਦਿਆਂ ਲਿਖਿਆ- ਅਮਰੀਕਾ ਅਤੇ ਭਾਰਤ ਵਿਚਕਾਰ ਇੱਕ ਵੱਡੇ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਭਾਰਤ ਨੂੰ 'ਪੈਕਸ ਸਿਲਿਕਾ' ਵਿੱਚ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਉਨ੍ਹਾਂ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਆਪਣੇ ਕਾਰਜਕਾਲ ਦੇ ਇਸ ਪੜਾਅ ਦੌਰਾਨ, ਸਰਜੀਓ ਗੋਰ ਨੇ ਅਮਰੀਕੀ ਲੀਡਰਸ਼ਿਪ ਨਾਲ ਮਹੱਤਵਪੂਰਨ ਬੈਠਕਾਂ ਕੀਤੀਆਂ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਕੇ ਗਲੋਬਲ ਸਥਿਰਤਾ ਅਤੇ ਭਵਿੱਖ ਦੇ ਸਬੰਧਾਂ 'ਤੇ ਚਰਚਾ ਕੀਤੀ। ਗੋਰ ਨੇ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਸੈਕਟਰੀ ਰੂਬੀਓ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਦਾ ਮਕਸਦ ਭਾਰਤ-ਅਮਰੀਕਾ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨਾ ਸੀ। ਵਪਾਰ ਅਤੇ ਨਿਵੇਸ਼ ਦੇ ਨਵੇਂ ਰਸਤੇ ਖੋਲ੍ਹਣ ਲਈ ਸਰਜੀਓ ਗੋਰ ਨੇ ਕਾਮਰਸ ਸੈਕਟਰੀ ਹਾਵਰਡ ਲੁਟਨਿਕ ਨਾਲ ਵੀ ਵਿਸ਼ੇਸ਼ ਗੱਲਬਾਤ ਹੋਈ।
ਰਾਜਦੂਤ ਅਨੁਸਾਰ, ਇਸ ਹਫ਼ਤੇ ਇੱਕ ਉੱਚ-ਪੱਧਰੀ ਭਾਰਤੀ ਵਪਾਰਕ ਵਫ਼ਦ ਵਾਸ਼ਿੰਗਟਨ ਪਹੁੰਚ ਰਿਹਾ ਹੈ। ਇਹ ਦੌਰਾ ਦੁਵੱਲੇ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿੱਚ ਸਭ ਤੋਂ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸਰਜੀਓ ਗੋਰ ਨੇ ਇਸ ਨੂੰ ਦੋਵਾਂ ਦੇਸ਼ਾਂ ਲਈ 'ਫਾਇਦੇ ਦਾ ਸੌਦਾ' ਦੱਸਿਆ ਹੈ।
'ਪੈਕਸ ਸਿਲਿਕਾ' ਮੁੱਖ ਤੌਰ 'ਤੇ ਤਕਨਾਲੋਜੀ, ਸੈਮੀਕੰਡਕਟਰ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇੱਕ ਰਣਨੀਤਕ ਸਹਿਯੋਗ ਹੈ। ਇਸ ਵਿੱਚ ਭਾਰਤ ਦਾ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਅਮਰੀਕਾ ਭਾਰਤ ਨੂੰ ਆਪਣੀ ਗਲੋਬਲ ਟੈਕਨਾਲੋਜੀ ਸਪਲਾਈ ਚੇਨ ਦਾ ਇੱਕ ਅਨਿੱਖੜਵਾਂ ਅੰਗ ਮੰਨਦਾ ਹੈ।
ਰਾਜਦੂਤ ਸਰਜੀਓ ਗੋਰ ਦੇ ਸ਼ਬਦਾਂ ਵਿੱਚ, "ਇਹ ਤਾਂ ਬੱਸ ਸ਼ੁਰੂਆਤ ਹੈ।" ਉਨ੍ਹਾਂ ਦੀ ਰਫ਼ਤਾਰ ਅਤੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦਾ ਭਾਰਤ ਪ੍ਰਤੀ ਹਾਂ-ਪੱਖੀ ਰਵੱਈਆ ਆਉਣ ਵਾਲੇ ਸਮੇਂ ਵਿੱਚ ਦੋਵਾਂ ਲੋਕਤੰਤਰਾਂ ਵਿਚਕਾਰ ਰਿਸ਼ਤਿਆਂ ਦੀ ਇੱਕ ਨਵੀਂ ਇਬਾਰਤ ਲਿਖਣ ਜਾ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login