ADVERTISEMENT

ADVERTISEMENT

ਲਾਸ ਏਂਜਲਸ 'ਚ ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ਦੌਰਾਨ ਟਰੱਕ ਨਾਲ ਹਮਲਾ! 3 ਲੋਕ ਜ਼ਖ਼ਮੀ, ਹਾਲਾਤ ਤਣਾਅਪੂਰਨ

ਇਹ ਘਟਨਾ ਵੈਸਟਵੁੱਡ ਇਲਾਕੇ ਵਿੱਚ ਵਾਪਰੀ, ਜਿੱਥੇ ਲੋਕ ਈਰਾਨੀ ਝੰਡੇ ਲਹਿਰਾਉਂਦੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ ਕਰ ਰਹੇ ਸਨ

ਲਾਸ ਏਂਜਲਸ 'ਚ ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ‘ਚ ਘੁੱਸਿਆ ਟਰੱਕ / x

ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਐਤਵਾਰ ਨੂੰ ਈਰਾਨ ਵਿੱਚ ਆਜ਼ਾਦੀ ਦੀ ਮੰਗ ਕਰ ਰਹੇ ਲੋਕਾਂ ਦੀ ਇੱਕ ਰੈਲੀ ਵਿੱਚ ਇੱਕ ‘ਯੂ-ਹਾਲ’ (U-Haul) ਟਰੱਕ ਵੜ ਗਿਆ। ਇਹ ਘਟਨਾ ਵੈਸਟਵੁੱਡ ਇਲਾਕੇ ਵਿੱਚ ਵਾਪਰੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਈਰਾਨੀ ਝੰਡੇ ਲਹਿਰਾਉਂਦੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਮਾਰਚ ਕਰ ਰਹੇ ਸਨ।

ਸੀ.ਬੀ.ਐਸ. ਨਿਊਜ਼ ਮੁਤਾਬਕ, ਟਰੱਕ ਤੇਜ਼ ਰਫ਼ਤਾਰ ਨਾਲ ਪ੍ਰਦਰਸ਼ਨਕਾਰੀਆਂ ਵੱਲ ਵਧਿਆ, ਜਿਸ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਟਰੱਕ 'ਤੇ ਲੱਗੇ ਬੈਨਰਾਂ 'ਤੇ ਲਿਖਿਆ ਸੀ— 'ਨੋ ਸ਼ਾਹ, ਨੋ ਰੈਜੀਮ (ਕੋਈ ਸ਼ਾਸਨ ਨਹੀਂ), ਅਮਰੀਕਾ 1953 ਨਾ ਦੁਹਰਾਓ'।  ਇਹ ਸੰਦੇਸ਼ 1953 ਵਿੱਚ ਅਮਰੀਕਾ ਸਮਰਥਿਤ ਉਸ ਤਖ਼ਤਾ ਪਲਟ ਵੱਲ ਇਸ਼ਾਰਾ ਕਰਦਾ ਹੈ, ਜਦੋਂ ਈਰਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਹਟਾ ਕੇ ਸ਼ਾਹ ਨੂੰ ਮੁੜ ਸੱਤਾ ਵਿੱਚ ਬਿਠਾਇਆ ਗਿਆ ਸੀ। ਇਸ ਹਾਦਸੇ ਤੋਂ ਤੁਰੰਤ ਬਾਅਦ ਹਾਲਾਤ ਬੇਕਾਬੂ ਹੋ ਗਏ ਅਤੇ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਟਰੱਕ ਦੇ ਸ਼ੀਸ਼ੇ ਤੋੜ ਦਿੱਤੇ।





ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਲੋਕ ਚੀਕਦੇ ਹੋਏ ਟਰੱਕ ਡਰਾਈਵਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਟਰੱਕ 'ਤੇ ਝੰਡਿਆਂ ਦੇ ਡੰਡਿਆਂ ਨਾਲ ਹਮਲਾ ਕਰ ਰਹੇ ਸਨ। ਲਾਸ ਏਂਜਲਸ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ। ਪੁਲਿਸ ਮੁਲਾਜ਼ਮਾਂ ਨੇ ਟਰੱਕ ਡਰਾਈਵਰ ਨੂੰ ਬਾਹਰ ਕੱਢ ਕੇ ਹਿਰਾਸਤ ਵਿੱਚ ਲੈ ਲਿਆ। ਜਦੋਂ ਉਸ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਭੀੜ ਨੂੰ ਪਿੱਛੇ ਧੱਕਣਾ ਪਿਆ।

ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਸ ਘਟਨਾ ਵਿੱਚ 3 ਲੋਕ ਜ਼ਖ਼ਮੀ ਹੋਏ ਹਨ। ਦੋ ਵਿਅਕਤੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ ਤੀਜੇ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਈਰਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ, ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਹਿਰਾਨ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹਨ।

Comments

Related