ADVERTISEMENT

ADVERTISEMENT

ਅਮਰੀਕਾ ’ਚ ਦੋਸਤਾਂ ਦੀ ਜਾਨ ਬਚਾਉਂਦਿਆਂ ਤੇਲੰਗਾਨਾ ਦੇ ਵਿਦਿਆਰਥੀ ਦੀ ਮੌਤ

ਪਾਣੀ ਵਿੱਚ ਡੁੱਬ ਰਹੇ ਤਿੰਨ ਸਾਥੀਆਂ ਨੂੰ ਬਚਾਇਆ, ਖੁਦ ਹਾਦਸੇ ਦਾ ਸ਼ਿਕਾਰ ਹੋਇਆ 23 ਸਾਲਾ ਅਨੁਰੂਪ ਰੈੱਡੀ

 ਅਨੁਰੂਪ ਰੈੱਡੀ ਕੋਡੂਰੂ ਅਨੁਰੂਪ ਰੈੱਡੀ ਕੋਡੂਰੂ / Go Fund Me

ਅਮਰੀਕਾ ਵਿੱਚ ਤੇਲੰਗਾਨਾ ਦੇ ਇੱਕ 23 ਸਾਲਾ ਵਿਦਿਆਰਥੀ ਦੀ ਆਪਣੇ ਤਿੰਨ ਦੋਸਤਾਂ ਦੀ ਜਾਨ ਬਚਾਉਂਦਿਆਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਰੂਪ ਰੈੱਡੀ ਕੋਡੁਰੂ ਵਜੋਂ ਹੋਈ ਹੈ, ਜੋ ਹੈਦਰਾਬਾਦ ਨੇੜੇ ਅਬਦੁੱਲਾਪੁਰਮੇਟ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਯੂਨੀਵਰਸਿਟੀ ਆਫ਼ ਨਾਰਥ ਟੈਕਸਾਸ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਦੀ ਪੜ੍ਹਾਈ ਪੂਰੀ ਕਰ ਚੁੱਕਾ ਸੀ।

 

ਪਰਿਵਾਰਕ ਮੈਂਬਰਾਂ ਅਨੁਸਾਰ ਅਨੁਰੂਪ ਆਪਣੇ ਪੰਜ ਦੋਸਤਾਂ ਨਾਲ ਟੋਲੇਡੋ ਬੈਂਡ ਡੈਮ ਇਲਾਕੇ ਵਿੱਚ ਘੁੰਮਣ ਗਿਆ ਹੋਇਆ ਸੀ। ਇਸ ਦੌਰਾਨ ਮੱਛੀਆਂ ਫੜਦੇ ਸਮੇਂ ਉਸ ਦੇ ਤਿੰਨ ਦੋਸਤ ਪਾਣੀ ਵਿੱਚ ਫਿਸਲ ਕੇ ਡਿੱਗ ਗਏ। ਅਨੁਰੂਪ, ਜੋ ਕਿ ਇੱਕ ਵਧੀਆ ਤੈਰਾਕ ਸੀ, ਤੁਰੰਤ ਪਾਣੀ ਵਿੱਚ ਕੁੱਦ ਪਿਆ ਅਤੇ ਤਿੰਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਕਾਮਯਾਬ ਰਿਹਾ।

 

ਹਾਲਾਂਕਿ ਦੋਸਤਾਂ ਨੂੰ ਬਚਾਉਣ ਤੋਂ ਬਾਅਦ ਜਦੋਂ ਉਹ ਖੁਦ ਵਾਪਸ ਕੰਢੇ ਵੱਲ ਆ ਰਿਹਾ ਸੀ ਤਾਂ ਉਸ ਦੇ ਪੈਰ ਪਾਣੀ ਹੇਠਾਂ ਮੌਜੂਦ ਮੱਛੀ ਫੜਨ ਵਾਲੀ ਤਾਰ ਜਾਂ ਜਾਲ ਵਿੱਚ ਫਸ ਗਏ। ਤੇਜ਼ ਪਾਣੀ ਦੇ ਵਹਾਅ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਾਅਦ ਵਿੱਚ ਬਚਾਅ ਟੀਮਾਂ ਨੇ ਕਰੀਬ 20 ਫੁੱਟ ਡੂੰਘਾਈ ਵਿੱਚੋਂ ਉਸ ਦੀ ਲਾਸ਼ ਬਰਾਮਦ ਕੀਤੀ।

 

ਅਨੁਰੂਪ ਨੇ ਗੁਰੂ ਨਾਨਕ ਇੰਸਟੀਚਿਊਸ਼ਨਜ਼ ਤੋਂ ਬੀਟੈਕ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਅਮਰੀਕਾ ਦਾ ਰੁਖ ਕੀਤਾ ਸੀ। ਪੜ੍ਹਾਈ ਦੌਰਾਨ ਉਹ ਵੱਖ-ਵੱਖ ਹੈਕਾਥਾਨ ਅਤੇ ਤਕਨੀਕੀ ਮੁਕਾਬਲਿਆਂ ਵਿੱਚ ਸਰਗਰਮ ਰਿਹਾ ਅਤੇ ਕਈ ਇਨਾਮ ਵੀ ਜਿੱਤੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਵਿੱਚ ਨੌਕਰੀ ਵੀ ਮਿਲ ਚੁੱਕੀ ਸੀ ਅਤੇ ਉਹ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਸੀ।

 

ਅਨੁਰੂਪ ਦੇ ਭਰਾ ਆਸ਼ਰਿਤ ਰੈੱਡੀ ਕੋਡੁਰੂ ਨੇ ਉਸ ਨੂੰ “ਅਸਲ ਹੀਰੋ” ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

 

ਇਸ ਦੌਰਾਨ ਹਿਊਸਟਨ ਸਥਿਤ ਭਾਰਤੀ ਕੌਂਸਲੇਟ ਨੇ ਵੀ ਅਨੁਰੂਪ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਕੌਂਸਲੇਟ ਨੇ ਕਿਹਾ ਕਿ ਉਹ ਪਰਿਵਾਰ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ ਅਤੇ ਲੋੜੀਂਦੀਆਂ ਕਾਰਵਾਈਆਂ ਵਿੱਚ ਸਹਾਇਤਾ ਕਰ ਰਿਹਾ ਹੈ ਤਾਂ ਜੋ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾ ਸਕੇ।

Comments

Leave A Comment

Required fields are marked (*).

Related

Talk to us?