ADVERTISEMENT

ADVERTISEMENT

ਰਾਸ਼ਟਰਪਤੀ ਭਵਨ ਵਿੱਚ 'ਰਾਜਾਜੀ ਉਤਸਵ': ਐਡਵਿਨ ਲੁਟੀਅਨਜ਼ ਦੀ ਥਾਂ ਰਾਜਾਜੀ ਦੀ ਮੂਰਤੀ ਸਥਾਪਤ

24 ਫਰਵਰੀ ਤੋਂ 1 ਮਾਰਚ, 2026 ਤੱਕ ਰਾਜਾਜੀ ਦੇ ਜੀਵਨ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ

ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ 'ਰਾਜਾਜੀ ਉਤਸਵ' ਦੀ ਪ੍ਰਧਾਨਗੀ ਕੀਤੀ ਅਤੇ ਭਾਰਤ ਦੇ ਪਹਿਲੇ ਅਤੇ ਇਕਲੌਤੇ ਭਾਰਤੀ ਗਵਰਨਰ-ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਤੋਂ ਪਰਦਾ ਹਟਾਇਆ।

ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਅਸ਼ੋਕ ਮੰਡਪ ਦੇ ਨੇੜੇ ਗ੍ਰੈਂਡ ਓਪਨ ਸਟੈਅਰਕੇਸ 'ਤੇ ਸਥਿਤ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਇਹ ਮੂਰਤੀ ਐਡਵਿਨ ਲੁਟੀਅਨਜ਼ ਦੀ ਮੂਰਤੀ ਦੀ ਥਾਂ ਲਵੇਗੀ।“

ਰਾਜਗੋਪਾਲਾਚਾਰੀ, ਜਿਨ੍ਹਾਂ ਨੂੰ 'ਰਾਜਾਜੀ' ਵਜੋਂ ਜਾਣਿਆ ਜਾਂਦਾ ਹੈ, ਇੱਕ ਮਹਾਨ ਸੁਤੰਤਰਤਾ ਸੈਨਾਨੀ, ਰਾਜਨੇਤਾ ਅਤੇ ਵਿਦਵਾਨ ਸਨ। ਉਨ੍ਹਾਂ ਨੇ 1948 ਤੋਂ 1950 ਤੱਕ ਭਾਰਤ ਦੇ ਆਖਰੀ ਗਵਰਨਰ-ਜਨਰਲ ਵਜੋਂ ਸੇਵਾ ਨਿਭਾਈ। ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਬਸਤੀਵਾਦੀ ਦੌਰ ਦੀਆਂ ਵਿਰਾਸਤਾਂ ਤੋਂ ਅੱਗੇ ਵਧਣ ਅਤੇ ਦੇਸ਼ ਦੇ ਇਤਿਹਾਸ ਨੂੰ ਘੜਨ ਵਾਲੇ ਮਹਾਨ ਭਾਰਤੀ ਨੇਤਾਵਾਂ ਨੂੰ ਮਾਨਤਾ ਦੇਣ ਦੀ ਰਾਸ਼ਟਰੀ ਕੋਸ਼ਿਸ਼ ਦਾ ਪ੍ਰਤੀਕ ਹੈ।

ਇਸ ਮੌਕੇ ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਕੇਂਦਰੀ ਮੰਤਰੀ ਜੇ.ਪੀ. ਨੱਡਾ, ਐੱਸ. ਜੈਸ਼ੰਕਰ, ਧਰਮਿੰਦਰ ਪ੍ਰਧਾਨ, ਗਜੇਂਦਰ ਸਿੰਘ ਸ਼ੇਖਾਵਤ, ਐੱਲ. ਮੁਰੂਗਨ ਅਤੇ ਰਾਜਾਜੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਇਸ ਨੂੰ ਇੱਕ ਮੀਲ ਪੱਥਰ ਦੱਸਦੇ ਹੋਏ ਕਿਹਾ, "ਰਾਜਾਜੀ ਦੀ ਮੂਰਤੀ ਦਾ ਉਦਘਾਟਨ ਬਸਤੀਵਾਦੀ ਵਿਰਾਸਤ ਤੋਂ ਮੁਕਤ ਹੋਣ ਦੇ ਸਾਡੇ ਸਫਰ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ਹੈ।"

ਰਾਜਾਜੀ ਉਤਸਵ ਦੇ ਹਿੱਸੇ ਵਜੋਂ, ਰਾਸ਼ਟਰਪਤੀ ਭਵਨ ਵਿੱਚ 24 ਫਰਵਰੀ ਤੋਂ 1 ਮਾਰਚ, 2026 ਤੱਕ ਰਾਜਾਜੀ ਦੇ ਜੀਵਨ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜੋ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ।

Comments

Related