ADVERTISEMENT

ADVERTISEMENT

ਕਰਨਾਟਕ ਦੀ ਰਾਜਨੀਤੀ ਵਿੱਚ ਸਿਆਸੀ ਭੂਚਾਲ: ਸਿੱਧਾਰਮਈਆ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਦੇ ਅਗਲੇ ਮੁੱਖ ਮੰਤਰੀ ਬਣਨ ਦਾ ਰਸਤਾ ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ

 ਮੁੱਖ ਮੰਤਰੀ ਸਿੱਧਾਰਮਈਆ ਮੁੱਖ ਮੰਤਰੀ ਸਿੱਧਾਰਮਈਆ / staff reporter

ਕਰਨਾਟਕ ਦੀ ਰਾਜਨੀਤੀ ਵਿੱਚ ਹਫਤਿਆਂ ਤੋਂ ਚੱਲ ਰਹੀ ਸ਼ਤਰੰਜ ਦੀ ਖੇਡ ਆਖ਼ਰਕਾਰ ਆਖਰੀ ਚਾਲ 'ਤੇ ਪਹੁੰਚ ਗਈ। ਬੈਂਗਲੁਰੂ ਦੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਖਿੱਚੋਤਾਣ ਦਾ ਅੰਤ ਕਰਦਿਆਂ 77 ਸਾਲਾ ਦਿੱਗਜ ਕਾਂਗਰਸੀ ਨੇਤਾ ਸਿੱਧਾਰਮਈਆ ਨੇ ਹਥਿਆਰ ਸੁੱਟ ਦਿੱਤੇ ਹਨ। ਮੁੱਖ ਮੰਤਰੀ ਸਿੱਧਾਰਮਈਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। 

ਵੀਰਵਾਰ ਸਵੇਰੇ ਆਪਣੇ ਸਰਕਾਰੀ ਨਿਵਾਸ 'ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਅਤੇ ਮੰਤਰੀਆਂ ਨਾਲ ਹੋਈ ਆਖਰੀ ਮੁਲਾਕਾਤ ਨੇ ਪੂਰੀ ਕਹਾਣੀ ਸਾਫ਼ ਕਰ ਦਿੱਤੀ। ਸਿੱਧਾਰਮਈਆ ਨੇ ਬੜੇ ਭਾਰੇ ਮਨ ਨਾਲ ਪਰ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ 'ਹਾਈਕਮਾਂਡ ਦਾ ਹੁਕਮ ਸਿਰ ਮੱਥੇ' ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਛੱਡ ਰਹੇ ਹਨ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸਿੱਧਰਮਈਆ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।

ਸਿੱਧਾਰਮਈਆ ਦੇ ਇਸ ਫੈਸਲੇ ਤੋਂ ਬਾਅਦ ਹੁਣ ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਦੇ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਣਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਸ ਮੀਟਿੰਗ ਦੌਰਾਨ ਸ਼ਿਵਕੁਮਾਰ ਨੇ ਸਿੱਧਾਰਮਈਆ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਵੀ ਲਿਆ।

ਬੈਠਕ ਵਿੱਚ ਮੌਜੂਦ ਸੀਨੀਅਰ ਵਿਧਾਇਕ ਆਰ.ਵੀ. ਦੇਸ਼ਪਾਂਡੇ ਅਤੇ ਅਸ਼ੋਕ ਪੱਟਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਖ਼ੁਦ ਸਾਰਿਆਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਵਿਧਾਇਕਾਂ ਮੁਤਾਬਕ, "ਅਸੀਂ ਸਾਰਿਆਂ ਨੇ ਸਿੱਧਾਰਮਈਆ ਜੀ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਦਿੱਤਾ ਆਪਣਾ ਵਾਅਦਾ ਪੂਰਾ ਕਰਨਗੇ ਅਤੇ ਫੈਸਲੇ ਦਾ ਸਤਿਕਾਰ ਕਰਨਗੇ।" ਸਿੱਧਾਰਮਈਆ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੀ ਅਸਤੀਫ਼ੇ 'ਤੇ ਸਹਿਮਤੀ ਜਤਾਈ ਸੀ। ਹਾਈਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੱਡੀ ਰਾਸ਼ਟਰੀ ਜ਼ਿੰਮੇਵਾਰੀ ਅਤੇ ਰਾਜਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਮਈ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਲਈ ਸਖ਼ਤ ਮੁਕਾਬਲਾ ਸੀ। ਉਸ ਸਮੇਂ ਹਾਈਕਮਾਂਡ ਨੇ ਦੋਵਾਂ ਨੇਤਾਵਾਂ ਵਿਚਾਲੇ 'ਰੋਟੇਸ਼ਨਲ ਫਾਰਮੂਲੇ' ਤਹਿਤ ਸਮਝੌਤਾ ਕਰਵਾਇਆ ਸੀ। 20 ਨਵੰਬਰ 2025 ਨੂੰ ਸਰਕਾਰ ਦੇ ਢਾਈ ਸਾਲ ਪੂਰੇ ਹੋਣ ਤੋਂ ਬਾਅਦ ਸ਼ਿਵਕੁਮਾਰ ਦੇ ਸਮਰਥਕ ਲਗਾਤਾਰ ਸਿੱਧਾਰਮਈਆ ਨੂੰ ਅਹੁਦਾ ਛੱਡਣ ਲਈ ਕਹਿ ਰਹੇ ਸਨ।

ਸਿੱਧਾਰਮਈਆ ਦੇ ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਪੂਰੇ ਬੈਂਗਲੁਰੂ ਅਤੇ ਰਾਮਨਗਰ ਵਿੱਚ ਡੀ.ਕੇ. ਸ਼ਿਵਕੁਮਾਰ ਦੇ ਸਮਰਥਕਾਂ ਨੇ ਢੋਲ-ਧਮੱਕਿਆਂ ਅਤੇ ਪਟਾਕਿਆਂ ਨਾਲ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਅਗਲੇ ਇੱਕ ਹਫ਼ਤੇ ਦੇ ਅੰਦਰ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਹੋਣ ਦੀ ਸੰਭਾਵਨਾ ਹੈ, ਜਿਸ 'ਚ ਸਿੱਧਾਰਮਈਆ ਧੜੇ ਨੂੰ ਖੁਸ਼ ਰੱਖਣ ਲਈ ਕੁਝ ਨਵੇਂ ਡਿਪਟੀ ਸੀ.ਐੱਮ. ਵੀ ਬਣਾਏ ਜਾ ਸਕਦੇ ਹਨ।

Comments

Related