ADVERTISEMENT

ADVERTISEMENT

“ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ...”: ਐਲਨ ਮਸਕ ਦਾ ਬਿਆਨ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੈਡ ਇਮੋਜੀ ਦੇ ਨਾਲ ਲਿਖਿਆ ਕਿ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ

ਐਲਨ ਮਸਕ / File photo: IANS

ਪੈਸਾ ਇੱਕ ਅਜਿਹੀ ਚੀਜ਼ ਹੈ ਜਿਸ ਦੀ ਚਾਹਤ ਅਤੇ ਜ਼ਰੂਰਤ ਹਰ ਕਿਸੇ ਨੂੰ ਹੁੰਦੀ ਹੈ। ਦੁਨੀਆ ਦਾ ਹਰ ਇਨਸਾਨ ਪੈਸਾ ਕਮਾਉਣ ਲਈ ਹੀ ਜੱਦੋ-ਜਹਿਦ ਕਰ ਰਿਹਾ ਹੈ। ਅਕਸਰ ਲੋਕ ਕਹਿੰਦੇ ਹਨ ਕਿ ਪੈਸੇ ਨਾਲ ਖੁਸ਼ੀਆਂ ਵੀ ਖਰੀਦੀਆਂ ਜਾ ਸਕਦੀਆਂ ਹਨ। ਪਰ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਸੈਡ ਇਮੋਜੀ ਦੇ ਨਾਲ ਲਿਖਿਆ ਕਿ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ।

ਦਰਅਸਲ, ਐਕਸ ਦੇ ਮਾਲਕ ਐਲਨ ਮਸਕ ਨੇ ਵੀਰਵਾਰ ਨੂੰ ਆਪਣੀ ਪੋਸਟ ਵਿੱਚ ਲਿਖਿਆ, "ਜਿਸ ਨੇ ਵੀ ਕਿਹਾ ਕਿ ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ, ਉਹ ਅਸਲ ਵਿੱਚ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ।" ਇਸ ਦੇ ਨਾਲ ਹੀ ਮਸਕ ਨੇ ਇੱਕ ਦੁਖੀ ਹੋਣ ਵਾਲਾ ਇਮੋਜੀ ਵੀ ਸਾਝਾਂ ਹੈ।

ਮਸਕ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ 800 ਬਿਲੀਅਨ ਡਾਲਰ ਜਾਂ ਉਸ ਤੋਂ ਵੱਧ ਦੀ ਦੌਲਤ ਵਾਲੇ ਪਹਿਲੇ ਇਨਸਾਨ ਬਣ ਗਏ ਹਨ। 

ਸਪੇਸਐਕਸ (SpaceX) ਨੇ ਇਸ ਹਫ਼ਤੇ ਉਨ੍ਹਾਂ ਦੀ ਏਆਈ (AI) ਅਤੇ ਸੋਸ਼ਲ ਮੀਡੀਆ ਕੰਪਨੀ ਐਕਸਏਆਈ (xAI) ਨੂੰ ਖਰੀਦ ਲਿਆ ਹੈ। ਫੋਰਬਸ ਦਾ ਅਨੁਮਾਨ ਹੈ ਕਿ ਸਪੇਸਐਕਸ ਅਤੇ xAI ਦੇ ਰਲੇਵੇਂ ਨਾਲ ਮਸਕ ਦੀ ਦੌਲਤ ਵਿੱਚ 84 ਬਿਲੀਅਨ ਡਾਲਰ ਹੋਰ ਜੁੜ ਗਏ, ਜਿਸ ਨਾਲ ਉਨ੍ਹਾਂ ਦੀ ਦੌਲਤ ਦਾ ਰਿਕਾਰਡ 852 ਬਿਲੀਅਨ ਡਾਲਰ ਹੋ ਗਿਆ। ਇਸ ਡੀਲ ਤੋਂ ਪਹਿਲਾਂ ਮਸਕ ਕੋਲ ਸਪੇਸਐਕਸ ਵਿੱਚ ਇੱਕ ਵੱਡੀ ਹਿੱਸੇਦਾਰੀ ਅਤੇ xAI ਵਿੱਚ ਕੰਟਰੋਲਿੰਗ ਸ਼ੇਅਰ ਸੀ।

ਮਸਕ ਨੇ ਜੌਨ ਡੀ. ਰਾਕਫੈਲਰ, ਜੈਫ ਬੇਜੋਸ ਅਤੇ ਬਿਲ ਗੇਟਸ ਵਰਗੇ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਡੀਲ ਨਾਲ ਸਪੇਸਐਕਸ ਮਸਕ ਦੀ ਸਭ ਤੋਂ ਕੀਮਤੀ ਸੰਪਤੀ ਬਣ ਗਈ ਹੈ। ਉਨ੍ਹਾਂ ਕੋਲ ਟੈਸਲਾ ਵਿੱਚ ਵੀ ਹਿੱਸੇਦਾਰੀ ਹੈ, ਨਾਲ ਹੀ ਸਟਾਕ ਆਪਸ਼ਨ ਅਤੇ ਨਵੰਬਰ ਵਿੱਚ ਮਨਜ਼ੂਰ ਹੋਇਆ ਇੱਕ ਰਿਕਾਰਡ-ਤੋੜ ਪੇਅ ਪੈਕੇਜ ਵੀ ਹੈ। ਜੇਕਰ ਕੰਪਨੀ ਅਗਲੇ ਦਹਾਕੇ ਵਿੱਚ ਆਪਣੇ ਵੱਡੇ ਟੀਚਿਆਂ ਨੂੰ ਪੂਰਾ ਕਰਦੀ ਹੈ, ਤਾਂ ਇਹ 1 ਟ੍ਰਿਲੀਅਨ ਡਾਲਰ ਤੱਕ ਦਾ ਪੈਕੇਜ ਦੇ ਸਕਦੀ ਹੈ।

ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਵਿੱਚ, ਫਰਾਂਸ ਦੀ ਪੁਲਿਸ ਨੇ ਮੰਗਲਵਾਰ ਨੂੰ ਐਲਨ ਮਸਕ ਦੀ ਕੰਪਨੀ ਐਕਸ ਦੇ ਪੈਰਿਸ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਸੋਸ਼ਲ ਮੀਡੀਆ ਕੰਪਨੀ ਅਤੇ ਉਸ ਦੇ ਏਆਈ ਚੈਟਬੋਟ 'ਗਰੋਕ' (Grok) ਦੀ ਵਧ ਰਹੀ ਜਾਂਚ ਦੇ ਤਹਿਤ ਤਕਨੀਕੀ ਅਰਬਪਤੀ ਨੂੰ ਪੁੱਛਗਿੱਛ ਲਈ ਬੁਲਾਇਆ। ਸਰਕਾਰੀ ਵਕੀਲ ਦੇ ਦਫ਼ਤਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਤਲਾਸ਼ੀ ਫਰਾਂਸ ਵਿੱਚ ਜਨਵਰੀ 2025 ਵਿੱਚ ਸ਼ੁਰੂ ਕੀਤੀ ਗਈ ਇੱਕ ਜਾਂਚ ਨਾਲ ਸਬੰਧਤ ਸੀ ਅਤੇ ਇਹ ਵੀ ਦੱਸਿਆ ਕਿ ਉਸਦੀ ਸਾਈਬਰ ਕ੍ਰਾਈਮ ਯੂਨਿਟ ਨੇ ਯੂਰੋਪੋਲ ਦੀ ਮਦਦ ਨਾਲ ਇਹ ਛਾਪਾ ਮਾਰਿਆ।

ਪੈਰਿਸ ਦੇ ਸਰਕਾਰੀ ਵਕੀਲ ਦੇ ਅਨੁਸਾਰ, ਐਕਸ ਦੇ ਚੇਅਰਮੈਨ ਮਸਕ ਅਤੇ ਐਕਸ ਦੀ ਸਾਬਕਾ ਮੁੱਖ ਕਾਰਜਕਾਰੀ ਲਿੰਡਾ ਯਾਕਾਰਿਨੋ ਦੋਵਾਂ ਨੂੰ ਅਪ੍ਰੈਲ ਵਿੱਚ ਹੋਣ ਵਾਲੀ ਸੁਣਵਾਈ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ ਹੈ, ਜਦੋਂ ਕਿ ਐਕਸ ਦੇ ਕਰਮਚਾਰੀਆਂ ਤੋਂ ਗਵਾਹ ਵਜੋਂ ਪੁੱਛਗਿੱਛ ਕੀਤੀ ਜਾਵੇਗੀ। ਸਰਕਾਰੀ ਵਕੀਲ ਲੌਰੇ ਬੇਕੂਓ ਨੇ ਕਿਹਾ ਕਿ ਜਾਂਚ, ਜੋ ਸ਼ੁਰੂ ਵਿੱਚ ਐਲਗੋਰਿਦਮ ਦੀ ਗਲਤ ਵਰਤੋਂ ਦੇ ਸ਼ੱਕ 'ਤੇ ਕੇਂਦਰਿਤ ਸੀ, ਹੁਣ 'ਗਰੋਕ' ਦੇ ਜਿਨਸੀ ਡੀਪਫੇਕ ਅਤੇ ਹੋਲੋਕਾਸਟ ਤੋਂ ਇਨਕਾਰ ਕਰਨ ਵਾਲੀ ਸਮੱਗਰੀ ਦੇ ਪ੍ਰਸਾਰ ਤੱਕ ਵਧਾ ਦਿੱਤੀ ਗਈ ਹੈ।

Comments

Related