ਪ੍ਰਤੀਕ ਫੋਟੋ / Pexels
ਦੁਨੀਆ ਭਰ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿੱਚ ਵਧ ਰਹੀ ਚਿੰਤਾ, ਡਿਪ੍ਰੈਸ਼ਨ ਅਤੇ ਮਾਨਸਿਕ ਤਣਾਅ ਦਰਮਿਆਨ ਇੱਕ ਨਵੇਂ ਅਧਿਐਨ ਨੇ ਸਚੇਤ ਧਿਆਨ (ਮਾਈਂਡਫੁਲਨੈੱਸ) ਨੂੰ ਪ੍ਰਭਾਵਸ਼ਾਲੀ ਹੱਲ ਵਜੋਂ ਦਰਸਾਇਆ ਹੈ। ਸਮੀਖਿਆਸ਼ੁਦਾ ਖੋਜ ਜਰਨਲ 'ਹੈਲਥਕੇਅਰ' ਵਿੱਚ ਪ੍ਰਕਾਸ਼ਿਤ ਇਸ ਅਧਿਐਨ ਅਨੁਸਾਰ, ਸਚੇਤ ਧਿਆਨ ਆਧਾਰਿਤ ਪ੍ਰੋਗਰਾਮ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਲਿਆ ਸਕਦੇ ਹਨ, ਖ਼ਾਸ ਕਰਕੇ ਚਿੰਤਾ ਅਤੇ ਡਿਪ੍ਰੈਸ਼ਨ ਦੇ ਲੱਛਣ ਘਟਾਉਣ ਵਿੱਚ।
ਨੇਵਾਡਾ ਯੂਨੀਵਰਸਿਟੀ, ਲਾਸ ਵੇਗਾਸ ਦੇ ਖੋਜਕਾਰਾਂ ਸ਼ਰਮਿਸ਼ਠਾ ਰਾਏ, ਅਮਰ ਕਨੇਕਰ, ਆਸ਼ੀਸ਼ ਕੁਮਾਰ ਬਿਸਵਾਸ ਅਤੇ ਮਨੋਜ ਸ਼ਰਮਾ ਵੱਲੋਂ ਕੀਤੇ ਗਏ ਇਸ ਅਧਿਐਨ ਵਿੱਚ ਰੂਬਰੂ, ਡਿਜ਼ੀਟਲ ਅਤੇ ਮਿਲੇ-ਜੁਲੇ ਤਰੀਕਿਆਂ ਨਾਲ ਚਲਾਏ ਗਏ ਸਚੇਤ ਧਿਆਨ ਪ੍ਰੋਗਰਾਮਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ।
ਖੋਜਕਾਰਾਂ ਨੇ ਪਾਇਆ ਕਿ ਸੁਚੱਜੇ ਢੰਗ ਨਾਲ ਤਿਆਰ ਕੀਤੇ ਸਚੇਤ ਧਿਆਨ ਪ੍ਰੋਗਰਾਮ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਲਗਾਤਾਰ ਬਿਹਤਰ ਬਣਾਉਂਦੇ ਹਨ। ਖ਼ਾਸ ਤੌਰ 'ਤੇ ਕਈ ਹਫ਼ਤਿਆਂ ਤੱਕ ਚੱਲਣ ਵਾਲੇ ਪ੍ਰੋਗਰਾਮ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਕਰਵਾਏ ਜਾਣ ਵਾਲੇ ਡਿਜ਼ੀਟਲ ਸੈਸ਼ਨਾਂ ਦੇ ਸਭ ਤੋਂ ਵਧੀਆ ਨਤੀਜੇ ਸਾਹਮਣੇ ਆਏ। ਖੋਜ ਅਨੁਸਾਰ ਡਿਜ਼ੀਟਲ ਮਾਧਿਅਮ ਯੂਨੀਵਰਸਿਟੀਆਂ ਨੂੰ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਤੱਕ ਮਾਨਸਿਕ ਸਿਹਤ ਸਹਾਇਤਾ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਸਾਧਨ ਵੀ ਪ੍ਰਦਾਨ ਕਰਦੇ ਹਨ।
ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਦਾ ਦਬਾਅ, ਆਰਥਿਕ ਅਨਿਸ਼ਚਿਤਤਾ, ਸਮਾਜਿਕ ਰਿਸ਼ਤਿਆਂ ਵਿੱਚ ਬਦਲਾਅ ਅਤੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਕਾਰਨ ਨੌਜਵਾਨਾਂ ਵਿੱਚ ਮਾਨਸਿਕ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਖੋਜ ਮੁਤਾਬਕ ਲਗਭਗ ਹਰ ਤਿੰਨ ਵਿੱਚੋਂ ਇੱਕ ਯੂਨੀਵਰਸਿਟੀ ਵਿਦਿਆਰਥੀ ਚਿੰਤਾ ਜਾਂ ਡਿਪ੍ਰੈਸ਼ਨ ਦੇ ਗੰਭੀਰ ਲੱਛਣਾਂ ਦਾ ਸਾਹਮਣਾ ਕਰਦਾ ਹੈ। ਇਸ ਤੋਂ ਇਲਾਵਾ ਕਰੀਬ 76 ਫ਼ੀਸਦੀ ਵਿਦਿਆਰਥੀ ਦਰਮਿਆਨੇ ਜਾਂ ਉੱਚ ਪੱਧਰ ਦੇ ਤਣਾਅ ਦਾ ਅਨੁਭਵ ਕਰਦੇ ਹਨ, ਜਦਕਿ ਅੱਧੇ ਤੋਂ ਵੀ ਘੱਟ ਪ੍ਰਭਾਵਿਤ ਵਿਦਿਆਰਥੀਆਂ ਨੂੰ ਕਾਊਂਸਲਿੰਗ ਜਾਂ ਇਲਾਜ ਮਿਲ ਪਾਉਂਦਾ ਹੈ।
ਖੋਜਕਾਰਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਸਮੱਸਿਆ ਹੋਰ ਗੰਭੀਰ ਹੋ ਗਈ। ਕੈਂਪਸ ਬੰਦ ਹੋਣ, ਆਨਲਾਈਨ ਪੜ੍ਹਾਈ, ਸਮਾਜਿਕ ਸੰਪਰਕ ਘਟਣ ਅਤੇ ਆਰਥਿਕ ਅਸਥਿਰਤਾ ਕਾਰਨ ਵਿਦਿਆਰਥੀਆਂ ਵਿੱਚ ਭਾਵਨਾਤਮਕ ਦਬਾਅ ਵਧਿਆ, ਜਦਕਿ ਯੂਨੀਵਰਸਿਟੀਆਂ ਦੇ ਕਾਊਂਸਲਿੰਗ ਕੇਂਦਰ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ।
ਅਧਿਐਨ ਅਨੁਸਾਰ ਸਚੇਤ ਧਿਆਨ ਦਾ ਅਰਥ ਹੈ ਮੌਜੂਦਾ ਪਲ 'ਤੇ ਬਿਨਾਂ ਕਿਸੇ ਪੱਖਪਾਤ ਦੇ ਪੂਰਾ ਧਿਆਨ ਕੇਂਦਰਿਤ ਕਰਨਾ। ਇਸ ਵਿੱਚ ਸਾਹ ਲੈਣ ਦੀਆਂ ਕਸਰਤਾਂ, ਧਿਆਨ, ਸਰੀਰਕ ਜਾਗਰੂਕਤਾ ਅਤੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਵਰਗੀਆਂ ਤਕਨੀਕਾਂ ਸ਼ਾਮਲ ਹਨ। ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਅਭਿਆਸ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ, ਧਿਆਨ ਕੇਂਦਰਿਤ ਕਰਨ ਅਤੇ ਨਕਾਰਾਤਮਕ ਸੋਚ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਖੋਜਕਾਰਾਂ ਨੇ ਸਿਫ਼ਾਰਸ਼ ਕੀਤੀ ਹੈ ਕਿ ਯੂਨੀਵਰਸਿਟੀਆਂ ਸਚੇਤ ਧਿਆਨ ਆਧਾਰਿਤ ਪ੍ਰੋਗਰਾਮਾਂ ਨੂੰ ਆਪਣੇ ਕਾਊਂਸਲਿੰਗ ਕੇਂਦਰਾਂ, ਵਿਦਿਆਰਥੀ ਭਲਾਈ ਯੋਜਨਾਵਾਂ ਅਤੇ ਅਕਾਦਮਿਕ ਗਤੀਵਿਧੀਆਂ ਦਾ ਹਿੱਸਾ ਬਣਾਉਣ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ਾਸ ਕਰਕੇ ਮਾਰਗਦਰਸ਼ਨ ਵਾਲੇ ਡਿਜ਼ੀਟਲ ਸਚੇਤ ਧਿਆਨ ਪ੍ਰੋਗਰਾਮ ਭਵਿੱਖ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਭਾਲ ਦਾ ਇੱਕ ਅਹਿਮ ਸਾਧਨ ਸਾਬਤ ਹੋ ਸਕਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login