ADVERTISEMENT

ADVERTISEMENT

ਮਿਡਲ ਈਸਟ ਸੰਕਟ: ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਯਤਨਸ਼ੀਲ

ਉਨ੍ਹਾਂ ਕਿਹਾ ਕਿ ਜੋ ਭਾਰਤੀ ਅਜ਼ਰਬਾਈਜਾਨ ਅਤੇ ਅਰਮੀਨੀਆ ਦੇ ਰਸਤੇ ਵਾਪਸ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਦਿਵਾਉਣ ਅਤੇ ਜ਼ਮੀਨੀ ਰਸਤੇ ਸਰਹੱਦ ਪਾਰ ਕਰਵਾਉਣ ਵਿੱਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ / IANS

ਮਿਡਲ ਈਸਟ (ਮੱਧ ਪੂਰਬ) ਦੇ ਸੰਕਟ ਦਰਮਿਆਨ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਤਹਿਤ, ਦੇਸ਼ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਈਰਾਨੀ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨਾਲ ਤਿੰਨ ਵਾਰ ਗੱਲਬਾਤ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਿਛਲੇ ਕੁਝ ਦਿਨਾਂ ਵਿੱਚ ਆਪਣੇ ਈਰਾਨੀ ਹਮਰੁਤਬਾ ਨਾਲ 3 ਵਾਰ ਗੱਲ ਕੀਤੀ ਹੈ। ਆਖਰੀ ਗੱਲਬਾਤ ਵਿੱਚ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਅਤੇ ਭਾਰਤ ਦੀ ਊਰਜਾ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਈ।

ਜੈਸਵਾਲ ਨੇ ਦੁਹਰਾਇਆ ਕਿ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਸਬੰਧੀ ਉਹ ਫਿਕਰਮੰਦ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਈਰਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਕਰ ਰਹੀ ਹੈ। ਜੋ ਭਾਰਤੀ ਅਜ਼ਰਬਾਈਜਾਨ ਅਤੇ ਅਰਮੀਨੀਆ ਦੇ ਰਸਤੇ ਵਾਪਸ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਦਿਵਾਉਣ ਅਤੇ ਜ਼ਮੀਨੀ ਰਸਤੇ ਸਰਹੱਦ ਪਾਰ ਕਰਵਾਉਣ ਵਿੱਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ, "ਈਰਾਨ ਵਿੱਚ ਲਗਭਗ 9,000 ਭਾਰਤੀ ਨਾਗਰਿਕ ਮੌਜੂਦ ਸਨ ਜਾਂ ਅਜੇ ਵੀ ਹਨ। ਇਨ੍ਹਾਂ ਵਿੱਚ ਵਿਦਿਆਰਥੀ, ਨਾਵਿਕ (ਸੀਫੇਰਰਜ਼), ਕਾਰੋਬਾਰੀ, ਪੇਸ਼ੇਵਰ ਲੋਕ ਅਤੇ ਕੁਝ ਸ਼ਰਧਾਲੂ ਸ਼ਾਮਲ ਹਨ।" ਜੈਸਵਾਲ ਨੇ ਦਾਅਵਾ ਕੀਤਾ ਕਿ ਕਈ ਭਾਰਤੀ ਨਾਗਰਿਕ, ਖਾਸ ਕਰਕੇ ਵਿਦਿਆਰਥੀ, ਦੇਸ਼ ਛੱਡ ਕੇ ਵਾਪਸ ਭਾਰਤ ਪਹੁੰਚ ਚੁੱਕੇ ਹਨ। ਉੱਥੇ ਹੀ ਤਹਿਰਾਨ ਵਿੱਚ ਰਹਿਣ ਵਾਲੇ ਕਈ ਭਾਰਤੀਆਂ (ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਧਾਰਮਿਕ ਯਾਤਰਾ 'ਤੇ ਗਏ ਜ਼ਾਇਰੀਨ ਵੀ ਸ਼ਾਮਲ ਹਨ) ਨੂੰ ਸਾਵਧਾਨੀ ਵਜੋਂ ਦੇਸ਼ ਦੇ ਦੂਜੇ ਸੁਰੱਖਿਅਤ ਸ਼ਹਿਰਾਂ ਵਿੱਚ ਭੇਜਿਆ ਗਿਆ ਹੈ।

ਰਣਧੀਰ ਜੈਸਵਾਲ ਨੇ ਇਹ ਸਲਾਹ ਵੀ ਦਿੱਤੀ ਕਿ ਜੋ ਭਾਰਤੀ ਨਾਗਰਿਕ ਜ਼ਮੀਨੀ ਰਸਤੇ ਈਰਾਨ ਛੱਡਣਾ ਚਾਹੁੰਦੇ ਹਨ, ਉਹ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦੀ ਪਾਲਣਾ ਕਰਨ।

Comments

Related