ADVERTISEMENT

ADVERTISEMENT

ਡਿਪਲੋਮੈਟ ਤੋਂ ਦਿੱਲੀ ਦੇ ਪ੍ਰਸ਼ਾਸਕ ਤੱਕ: ਤਰਨਜੀਤ ਸਿੰਘ ਸੰਧੂ ਦੀ ਨਵੀਂ ਪਾਰੀ

ਸ. ਤਰਨਜੀਤ ਸਿੰਘ ਸੰਧੂ ਇੱਕ ਤਜਰਬੇਕਾਰ ਡਿਪਲੋਮੈਟ ਹਨ, ਜਿਨ੍ਹਾਂ ਕੋਲ ਕੌਮਾਂਤਰੀ ਪੱਧਰ 'ਤੇ ਕੰਮ ਕਰਨ ਦਾ 35 ਸਾਲਾਂ ਤੋਂ ਵੱਧ ਦਾ ਲੰਮਾ ਤਜਰਬਾ ਹੈ

Taranjit Singh Sandhu / Sukhpal Singh Dhanoa

ਭਾਰਤ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਇੱਕ ਵੱਡਾ ਫੈਸਲਾ ਲੈਂਦਿਆਂ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਨਵਾਂ ਲੈਫਟੀਨੈਂਟ ਗਵਰਨਰ (ਐਲ.ਜੀ) ਨਿਯੁਕਤ ਕਰ ਦਿੱਤਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੌਜੂਦਾ ਐਲ.ਜੀ ਵਿਨੈ ਕੁਮਾਰ ਸਕਸੈਨਾ ਦਾ ਤਬਾਦਲਾ ਲਦਾਖ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਸ. ਤਰਨਜੀਤ ਸਿੰਘ ਸੰਧੂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਕਦਮ ਰਾਸ਼ਟਰੀ ਰਾਜਧਾਨੀ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਤਾਲਮੇਲ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ।

ਸ. ਤਰਨਜੀਤ ਸਿੰਘ ਸੰਧੂ ਇੱਕ ਤਜਰਬੇਕਾਰ ਡਿਪਲੋਮੈਟ ਹਨ, ਜਿਨ੍ਹਾਂ ਕੋਲ ਕੌਮਾਂਤਰੀ ਪੱਧਰ 'ਤੇ ਕੰਮ ਕਰਨ ਦਾ 35 ਸਾਲਾਂ ਤੋਂ ਵੱਧ ਦਾ ਲੰਮਾ ਤਜਰਬਾ ਹੈ। ਸੰਨ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ) ਅਧਿਕਾਰੀ ਵਜੋਂ ਉਨ੍ਹਾਂ ਨੇ ਸਾਲ 2020 ਤੋਂ 2024 ਤੱਕ ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਰਾਜਦੂਤ ਵਜੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀ। ਸੇਵਾਮੁਕਤੀ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਤੋਂ ਲੜੀਆਂ ਸਨ, ਪਰ ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਪ੍ਰਸ਼ਾਸਨਿਕ ਕਾਬਲੀਅਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਿੱਲੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।

ਤਰਨਜੀਤ ਸਿੰਘ ਸੰਧੂ ਦਾ ਪਿਛੋਕੜ ਵੀ ਬਹੁਤ ਪ੍ਰਭਾਵਸ਼ਾਲੀ ਹੈ। ਉਹ ਪੰਜਾਬ ਦੇ ਇੱਕ ਨਾਮਵਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ, ਸ੍ਰ. ਤੇਜਾ ਸਿੰਘ ਸਮੁੰਦਰੀ ਦੇ ਪੋਤੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਸ੍ਰ. ਬਿਸ਼ਨ ਸਿੰਘ ਸਮੁੰਦਰੀ ਅਤੇ ਸਰਕਾਰੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਪ੍ਰਿੰਸੀਪਲ ਰਹੀ ਡਾ. ਜਗਜੀਤ ਕੌਰ ਸੰਧੂ ਦੇ ਸਪੁੱਤਰ ਹਨ।
   ਉਨ੍ਹਾਂ ਦੇ ਪਰਿਵਾਰ ਦੀ ਕੂਟਨੀਤਕ ਪਰੰਪਰਾ ਵੀ ਕਾਫ਼ੀ ਮਜ਼ਬੂਤ ਰਹੀ ਹੈ। ਉਨ੍ਹਾਂ ਦੀ ਪਤਨੀ ਰੀਨਤ ਸੰਧੂ ਵੀ ਭਾਰਤੀ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਰਹੀ ਹੈ ਅਤੇ ਨੀਦਰਲੈਂਡ ਵਿੱਚ ਭਾਰਤ ਦੀ ਰਾਜਦੂਤ ਸਮੇਤ ਕਈ ਮਹੱਤਵਪੂਰਨ ਅੰਤਰਰਾਸ਼ਟਰੀ ਨਿਯੁਕਤੀਆਂ ‘ਤੇ ਸੇਵਾ ਨਿਭਾ ਚੁੱਕੀ ਹੈ।

ਉਨ੍ਹਾਂ ਦੀ ਇਸ ਇਤਿਹਾਸਿਕ ਵਿਰਾਸਤ ਅਤੇ ਕੂਟਨੀਤਕ ਸੂਝ-ਬੂਝ ਕਾਰਨ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਦੇ ਗੁੰਝਲਦਾਰ ਪ੍ਰਸ਼ਾਸਨਿਕ ਅਤੇ ਸਿਆਸੀ ਮਾਹੌਲ ਨੂੰ ਬਹੁਤ ਹੀ ਸੰਜਮ ਅਤੇ ਕੁਸ਼ਲਤਾ ਨਾਲ ਸੰਭਾਲਣਗੇ। ਇਹ ਨਿਯੁਕਤੀ ਦਿੱਲੀ ਦੇ ਵਿਕਾਸ ਕਾਰਜਾਂ ਅਤੇ ਕਾਨੂੰਨ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਰੱਖਦੀ ਹੈ। ਕੂਟਨੀਤੀ ਦੇ ਮਾਹਰ ਹੋਣ ਦੇ ਨਾਤੇ, ਸ. ਸੰਧੂ ਤੋਂ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਉਹ ਦਿੱਲੀ ਦੀ ਚੁਣੀ ਹੋਈ ਸਰਕਾਰ ਸਣੇ ਵਿਰੋਧੀ ਧਿਰ ਅਤੇ ਕੇਂਦਰ ਸਰਕਾਰ ਦਰਮਿਆਨ ਪੈਦਾ ਹੋਣ ਵਾਲੇ ਟਕਰਾਵਾਂ ਨੂੰ ਘਟਾ ਕੇ ਸੂਬੇ ਦੇ ਵਿਕਾਸ ਲਈ ਉਸਾਰੂ ਮਾਹੌਲ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੋਣਗੇ। ਦਿੱਲੀ ਅਤੇ ਪੰਜਾਬ ਸਣੇ ਅਮਰੀਕਾ ਤੱਕ ਦੇ ਸਿਆਸੀ ਗਲਿਆਰਿਆਂ ਵਿੱਚ ਸੰਧੂ ਦੀ ਇਸ ਨਿਯੁਕਤੀ ਨੂੰ ਇੱਕ ‘ਸੰਤੁਲਿਤ ਅਤੇ ਰਣਨੀਤਕ’ ਕਦਮ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿੱਚ ਭਾਰਤੀ, ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਵਿੱਚ ਇੱਕ ਵੱਖਰਾ ਉਤਸ਼ਾਹ ਅਤੇ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਨਜ਼ਰ ਆਇਆ ਹੈ।

Comments

Related