ADVERTISEMENT

ADVERTISEMENT

ਬਰਤਾਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ ਦੀ ਹੋਂਦ ’ਤੇ ਸੰਕਟ

98 ਸਾਲ ਪੁਰਾਣਾ ਵੀਰਾਸਵਾਮੀ ਬੇਦਖ਼ਲੀ ਖ਼ਿਲਾਫ਼ ਅਦਾਲਤ ਪੁੱਜਿਆ; ਇਤਿਹਾਸਕ ਵਿਰਾਸਤ ਬਚਾਉਣ ਦੀ ਜੰਗ ਸ਼ੁਰੂ

 ਲੰਡਨ ਆਈਕੋਨਿਕ ਵੀਰਾਸਵਾਮੀ ਰੈਸਟੋਰੈਂਟ ਲੰਡਨ ਆਈਕੋਨਿਕ ਵੀਰਾਸਵਾਮੀ ਰੈਸਟੋਰੈਂਟ / File Photo

ਬਰਤਾਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ ਵੀਰਾਸਵਾਮੀ ਦੀ ਹੋਂਦ ਹੁਣ ਅਦਾਲਤੀ ਫ਼ੈਸਲੇ ’ਤੇ ਟਿਕ ਗਈ ਹੈ। ਲੰਡਨ ਦੇ ਇਸ ਇਤਿਹਾਸਕ ਰੈਸਟੋਰੈਂਟ ਨੇ ਆਪਣੇ ਮਸ਼ਹੂਰ ਟਿਕਾਣੇ ਤੋਂ ਬੇਦਖ਼ਲ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਕਰਾਊਨ ਐਸਟੇਟ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਰੈਸਟੋਰੈਂਟ ਦੀ ਮੂਲ ਕੰਪਨੀ ਐਮਡਬਲਿਊ ਈਟ ਇਸ ਮਾਮਲੇ ਵਿੱਚ ਸੈਂਟਰਲ ਲੰਡਨ ਕਾਊਂਟੀ ਕੋਰਟ ਵਿੱਚ ਆਪਣਾ ਪੱਖ ਰੱਖੇਗੀ।

 

ਮੀਡੀਆ ਰਿਪੋਰਟਾਂ ਅਨੁਸਾਰ ਇਸ ਮਾਮਲੇ ਦੀ ਪੰਜ ਦਿਨਾਂ ਸੁਣਵਾਈ 29 ਜੂਨ ਤੋਂ ਸ਼ੁਰੂ ਹੋਵੇਗੀ। ਵਿਵਾਦ ਦਾ ਕਾਰਨ ਲੰਡਨ ਦੀ ਮਸ਼ਹੂਰ ਰੀਜੈਂਟ ਸਟਰੀਟ ’ਤੇ ਸਥਿਤ ਵਿਕਟਰੀ ਹਾਊਸ ਇਮਾਰਤ ਦੇ ਮੁੜ ਵਿਕਾਸ ਦੀ ਯੋਜਨਾ ਹੈ, ਜਿੱਥੇ ਵੀਰਾਸਵਾਮੀ 1926 ਤੋਂ ਕਾਰੋਬਾਰ ਕਰ ਰਿਹਾ ਹੈ।

 

ਕਰਾਊਨ ਐਸਟੇਟ ਦਾ ਕਹਿਣਾ ਹੈ ਕਿ 2023 ਵਿੱਚ ਆਏ ਹੜ੍ਹ ਤੋਂ ਬਾਅਦ ਇਮਾਰਤ ਦੀਆਂ ਉੱਪਰੀ ਮੰਜ਼ਿਲਾਂ ਖਾਲੀ ਹੋ ਗਈਆਂ ਸਨ ਅਤੇ ਹੁਣ ਦਫ਼ਤਰੀ ਥਾਵਾਂ ਦਾ ਵੱਡੇ ਪੱਧਰ ’ਤੇ ਨਵੀਨੀਕਰਨ ਕੀਤਾ ਜਾਣਾ ਹੈ। ਇਸ ਯੋਜਨਾ ਤਹਿਤ ਦਫ਼ਤਰਾਂ ਲਈ ਇੱਕ ਵੱਡਾ ਰਿਸੈਪਸ਼ਨ ਖੇਤਰ ਬਣਾਇਆ ਜਾਣਾ ਹੈ, ਜਿਸ ਲਈ ਰੈਸਟੋਰੈਂਟ ਦੇ ਦਾਖ਼ਲੀ ਹਿੱਸੇ ਵਿੱਚ ਤਬਦੀਲੀਆਂ ਲਾਜ਼ਮੀ ਦੱਸੀਆਂ ਜਾ ਰਹੀਆਂ ਹਨ।

 

ਦੂਜੇ ਪਾਸੇ ਐਮਡਬਲਿਊ ਈਟ ਦਾ ਦਾਅਵਾ ਹੈ ਕਿ ਇਮਾਰਤ ਦਾ ਨਵੀਨੀਕਰਨ ਰੈਸਟੋਰੈਂਟ ਨੂੰ ਹਟਾਏ ਬਿਨਾਂ ਵੀ ਕੀਤਾ ਜਾ ਸਕਦਾ ਹੈ। ਕੰਪਨੀ ਨੇ ਵਿਕਲਪਕ ਪ੍ਰਬੰਧਾਂ ਦਾ ਸੁਝਾਅ ਵੀ ਦਿੱਤਾ ਹੈ, ਜਿਸ ਵਿੱਚ ਨਵੇਂ ਦਾਖ਼ਲੀ ਖੇਤਰ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਸ਼ਾਮਲ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਕਰਾਊਨ ਐਸਟੇਟ ਨੂੰ ਨਵੇਂ ਦਫ਼ਤਰਾਂ ਤੋਂ ਹੋਣ ਵਾਲੀ ਸੰਭਾਵਿਤ ਕਿਰਾਏ ਦੀ ਆਮਦਨ ਦੇ ਬਰਾਬਰ ਰਕਮ ਦੇਣ ਲਈ ਤਿਆਰ ਹੈ।

 

ਵੀਰਾਸਵਾਮੀ ਦੀ ਲੀਜ਼ ਇਸ ਸਾਲ ਦੇ ਸ਼ੁਰੂ ਵਿੱਚ ਖ਼ਤਮ ਹੋ ਗਈ ਸੀ, ਪਰ ਅਦਾਲਤੀ ਕਾਰਵਾਈ ਜਾਰੀ ਹੋਣ ਕਾਰਨ ਰੈਸਟੋਰੈਂਟ ਅਜੇ ਵੀ ਆਪਣੇ ਮੌਜੂਦਾ ਸਥਾਨ ’ਤੇ ਚੱਲ ਰਿਹਾ ਹੈ।

 

ਅਪ੍ਰੈਲ 1926 ਵਿੱਚ ਐਡਵਰਡ ਪਾਮਰ ਵੱਲੋਂ ਸਥਾਪਿਤ ਵੀਰਾਸਵਾਮੀ ਨੂੰ ਬਰਤਾਨੀਆ ਦਾ ਸਭ ਤੋਂ ਪੁਰਾਣਾ ਜੀਵਤ ਭਾਰਤੀ ਰੈਸਟੋਰੈਂਟ ਮੰਨਿਆ ਜਾਂਦਾ ਹੈ। ਇਸ ਨੇ ਭਾਰਤੀ ਭੋਜਨ ਨੂੰ ਬਰਤਾਨਵੀ ਸਮਾਜ ਵਿੱਚ ਲੋਕਪ੍ਰਿਯ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

 

ਰੀਜੈਂਟ ਸਟਰੀਟ ’ਤੇ ਸਥਿਤ ਇਸ ਰੈਸਟੋਰੈਂਟ ਨੂੰ 2016 ਵਿੱਚ ਮਿਸ਼ਲਿਨ ਸਟਾਰ ਵੀ ਮਿਲਿਆ ਸੀ। ਸਾਲਾਂ ਦੌਰਾਨ ਇੱਥੇ ਵਿਂਸਟਨ ਚਰਚਿਲ, ਚਾਰਲੀ ਚੈਪਲਿਨ, ਮਾਰਲਨ ਬ੍ਰਾਂਡੋ, ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਵਰਗੀਆਂ ਕਈ ਪ੍ਰਸਿੱਧ ਹਸਤੀਆਂ ਆ ਚੁੱਕੀਆਂ ਹਨ।

 

ਰੈਸਟੋਰੈਂਟ ਨੂੰ ਬਚਾਉਣ ਲਈ ਪਿਛਲੇ ਕੁਝ ਮਹੀਨਿਆਂ ਦੌਰਾਨ ਜਨਤਕ ਮੁਹਿੰਮਾਂ ਵੀ ਚਲਾਈਆਂ ਗਈਆਂ ਹਨ। ਇਸ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਇੱਕ ਪਟੀਸ਼ਨ ਨੂੰ ਹਜ਼ਾਰਾਂ ਲੋਕਾਂ ਦਾ ਸਮਰਥਨ ਮਿਲਿਆ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਵੀਰਾਸਵਾਮੀ ਸਿਰਫ਼ ਇੱਕ ਰੈਸਟੋਰੈਂਟ ਨਹੀਂ, ਸਗੋਂ ਬਰਤਾਨੀਆ ਦੀ ਬਹੁ-ਸੱਭਿਆਚਾਰਕ ਵਿਰਾਸਤ ਅਤੇ ਭਾਰਤੀ ਭਾਈਚਾਰੇ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ।

 

ਅਦਾਲਤ ਦਾ ਫ਼ੈਸਲਾ ਹੁਣ ਇਸ ਇਤਿਹਾਸਕ ਰੈਸਟੋਰੈਂਟ ਦੇ ਭਵਿੱਖ ਦਾ ਨਿਰਣੈ ਕਰੇਗਾ, ਜੋ ਆਪਣੇ ਸੌਵੇਂ ਸਥਾਪਨਾ ਵਰ੍ਹੇ ਦੇ ਨੇੜੇ ਪਹੁੰਚ ਚੁੱਕਾ ਹੈ।

Comments

Leave A Comment

Required fields are marked (*).

Related

Talk to us?