ADVERTISEMENT

ADVERTISEMENT

ਅਮਰੀਕਾ-ਭਾਰਤ ਟਰੱਸਟ (TRUST) ਫੈਲੋਸ਼ਿਪ ਲਈ ਅਰਜ਼ੀਆਂ ਸ਼ੁਰੂ

ਅਮਰੀਕਾ-ਅਧਾਰਿਤ ਪੋਸਟਡਾਕਟੋਰਲ ਖੋਜਕਰਤਾਵਾਂ ਅਤੇ ਨੌਜਵਾਨ ਫੈਕਲਟੀ ਮੈਂਬਰਾਂ ਨੂੰ ਭਾਰਤ ਦੀਆਂ ਮੁੱਖ ਸੰਸਥਾਵਾਂ ਵਿੱਚ ਖੋਜ ਦਾ ਮਿਲੇਗਾ ਮੌਕਾ

 ਅਮਰੀਕਾ-ਭਾਰਤ ਟਰੱਸਟ (TRUST) ਫੈਲੋਸ਼ਿਪ ਅਮਰੀਕਾ-ਭਾਰਤ ਟਰੱਸਟ (TRUST) ਫੈਲੋਸ਼ਿਪ / IG/ @kiranmazumdar_shaw

ਅਮਰੀਕਾ-ਭਾਰਤ ਟਰੱਸਟ ਫੈਲੋਸ਼ਿਪ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਨਵਾਂ ਅਕਾਦਮਿਕ ਅਦਾਨ-ਪ੍ਰਦਾਨ ਪ੍ਰੋਗਰਾਮ ਅਮਰੀਕਾ ਵਿੱਚ ਕੰਮ ਕਰ ਰਹੇ ਪੋਸਟਡਾਕਟੋਰਲ ਖੋਜਕਰਤਾਵਾਂ ਅਤੇ ਸ਼ੁਰੂਆਤੀ ਪੜਾਅ ਦੇ ਫੈਕਲਟੀ ਮੈਂਬਰਾਂ ਨੂੰ ਭਾਰਤ ਦੀਆਂ ਮੁੱਖ ਖੋਜ ਸੰਸਥਾਵਾਂ ਵਿੱਚ 12 ਮਹੀਨਿਆਂ ਤੱਕ ਖੋਜ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

 

ਇਹ ਫੈਲੋਸ਼ਿਪ ਆਰਟੀਫ਼ਿਸ਼ਲ ਇੰਟੈਲੀਜੈਂਸ, ਸੈਮੀਕੰਡਕਟਰ, ਬਾਇਓਟੈਕਨੋਲੋਜੀ, ਕੁਆਂਟਮ ਕੰਪਿਊਟਿੰਗ, ਊਰਜਾ, ਸਪੇਸ ਅਤੇ ਰੱਖਿਆ ਵਰਗੇ ਰਣਨੀਤਕ ਤਕਨਾਲੋਜੀ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ।

 

ਪ੍ਰੋਗਰਾਮ ਅਨੁਸਾਰ ਚੁਣੇ ਗਏ ਫੈਲੋ ਅਗਸਤ 2026 ਤੋਂ ਜੁਲਾਈ 2027 ਦਰਮਿਆਨ 12 ਮਹੀਨਿਆਂ ਲਈ ਭਾਰਤ ਦੀਆਂ ਭਾਗੀਦਾਰ ਸੰਸਥਾਵਾਂ ਵਿੱਚ ਕੰਮ ਕਰਨਗੇ। ਉਨ੍ਹਾਂ ਦੀ ਖੋਜ ਅਮਰੀਕਾ-ਭਾਰਤ ਟਰੱਸਟ (TRUST– ਟਰਾਂਸਫਾਰਮਿੰਗ ਦ ਰਿਲੇਸ਼ਨਸ਼ਿਪ ਯੂਟਿਲਾਈਜ਼ਿੰਗ ਸਟ੍ਰੈਟਜਿਕ ਟੈਕਨੋਲੋਜੀ) ਪਹਿਲਕਦਮੀ ਦੇ ਉਦੇਸ਼ਾਂ ਨਾਲ ਸਬੰਧਤ ਹੋਵੇਗੀ।

 

ਇਹ ਫੈਲੋਸ਼ਿਪ ਅਮਰੀਕੀ ਕੌਂਸਲੇਟ ਜਨਰਲ ਚੇਨਈ, ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਮਦਰਾਸ (ਆਈਆਈਟੀ ਮਦਰਾਸ), ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ), ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ (ਐਮਏਐਚਈ), ਪ੍ਰਤੀਕਸ਼ਾ ਟਰੱਸਟ ਅਤੇ ਮਜ਼ੂਮਦਾਰ ਸ਼ਾਅ ਫਿਲੈਂਥਰਪੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।

 

ਅਰਜ਼ੀ ਦੇਣ ਲਈ ਪੀਐਚਡੀ ਡਿਗਰੀ ਧਾਰਕ, ਪੋਸਟਡਾਕਟੋਰਲ ਖੋਜਕਰਤਾ ਅਤੇ ਅਮਰੀਕਾ ਦੀਆਂ ਮੁੱਖ ਸੰਸਥਾਵਾਂ ਨਾਲ ਜੁੜੇ ਫੈਕਲਟੀ ਮੈਂਬਰ ਯੋਗ ਹੋਣਗੇ। ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਨੇ ਪਹਿਲਾਂ ਭਾਰਤ ਵਿੱਚ ਕੰਮ ਨਾ ਕੀਤਾ ਹੋਵੇ।

 

ਚੁਣੇ ਗਏ ਪੋਸਟਡਾਕਟੋਰਲ ਫੈਲੋਜ਼ ਨੂੰ ਪ੍ਰਤੀ ਮਹੀਨਾ 1,650 ਅਮਰੀਕੀ ਡਾਲਰ ਦਾ ਵਜ਼ੀਫ਼ਾ, 2,000 ਡਾਲਰ ਤੱਕ ਖੋਜ ਸਹਾਇਤਾ ਰਾਸ਼ੀ, ਆਉਣ-ਜਾਣ ਦੀ ਹਵਾਈ ਟਿਕਟ, ਰਿਹਾਇਸ਼, ਸਿਹਤ ਬੀਮਾ ਅਤੇ ਵੀਜ਼ਾ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਆਈਆਈਟੀ ਮਦਰਾਸ ਕੁਝ ਵਿਸ਼ੇਸ਼ ਉਮੀਦਵਾਰਾਂ ਨੂੰ ਵਿਜ਼ਿਟਿੰਗ ਫੈਕਲਟੀ ਵਜੋਂ ਵੀ ਨਿਯੁਕਤ ਕਰ ਸਕਦਾ ਹੈ, ਜਿਨ੍ਹਾਂ ਨੂੰ ਪ੍ਰਤੀ ਮਹੀਨਾ 3,650 ਅਮਰੀਕੀ ਡਾਲਰ ਤੱਕ ਵਜ਼ੀਫ਼ਾ ਮਿਲ ਸਕਦਾ ਹੈ।

 

ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾਅ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਅਮਰੀਕਾ ਅਤੇ ਭਾਰਤ ਵਿਚਕਾਰ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰੇਗਾ, ਲੰਬੇ ਸਮੇਂ ਦੀਆਂ ਅੰਤਰਰਾਸ਼ਟਰੀ ਭਾਈਵਾਲੀਆਂ ਨੂੰ ਉਤਸ਼ਾਹਿਤ ਕਰੇਗਾ ਅਤੇ ਖੋਜ, ਪੇਟੈਂਟ ਅਤੇ ਵਪਾਰਕ ਨਵੀਨਤਾਵਾਂ ਵਰਗੇ ਪ੍ਰਭਾਵਸ਼ਾਲੀ ਨਤੀਜਿਆਂ ਨੂੰ ਜਨਮ ਦੇਵੇਗਾ।

 

ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ 2026 ਹੈ, ਜਦਕਿ ਫੈਲੋਸ਼ਿਪ ਅਗਸਤ 2026 ਵਿੱਚ ਸ਼ੁਰੂ ਹੋਵੇਗੀ।

 

ਜ਼ਿਕਰਯੋਗ ਹੈ ਕਿ ਟਰੱਸਟ ਪਹਿਲਕਦਮੀ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਰਵਰੀ 2025 ਵਿੱਚ ਕੀਤਾ ਗਿਆ ਸੀ। ਇਹ ਪਹਿਲਕਦਮੀ iCET (ਇਨੀਸ਼ੀਏਟਿਵ ਆਨ ਕ੍ਰਿਟਿਕਲ ਐਂਡ ਐਮਰਜਿੰਗ ਟੈਕਨੋਲੋਜੀ) ਦਾ ਵਿਸਤ੍ਰਿਤ ਰੂਪ ਹੈ, ਜਿਸ ਦਾ ਉਦੇਸ਼ ਸੈਮੀਕੰਡਕਟਰ, ਆਰਟੀਫ਼ਿਸ਼ਲ ਇੰਟੈਲੀਜੈਂਸ, ਬਾਇਓਟੈਕਨੋਲੋਜੀ ਅਤੇ ਕੁਆਂਟਮ ਕੰਪਿਊਟਿੰਗ ਵਰਗੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।

Comments

Related