ADVERTISEMENT

ADVERTISEMENT

ਮੇਲਬੌਰਨ ਫ਼ਿਲਮ ਫੈਸਟੀਵਲ 2026 ਵਿੱਚ ਰੇਖਾ ਹੋਣਗੇ 'ਵਿਸ਼ੇਸ਼ ਮਹਿਮਾਨ'

'ਉਮਰਾਓ ਜਾਨ' ਦੀ ਹੋਵੇਗੀ ਵਿਸ਼ੇਸ਼ ਸਕ੍ਰੀਨਿੰਗ

 ਰੇਖਾ ਰੇਖਾ / ਆਈ.ਏ.ਐਨ.ਐਸ

ਅਦਾਕਾਰਾ ਰੇਖਾ 'ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੇਲਬੌਰਨ' (ਆਈਐੱਫਐੱਫਐੱਮ) 2026 ਵਿੱਚ 'ਵਿਸ਼ੇਸ਼ ਮਹਿਮਾਨ' ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਉਨ੍ਹਾਂ ਦੀ 1981 ਦੀ ਫ਼ਿਲਮ 'ਉਮਰਾਓ ਜਾਨ' ਦੀ ਵੀ ਸਕ੍ਰੀਨਿੰਗ ਕੀਤੀ ਜਾਵੇਗੀ। ਰੇਖਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਕਿਰਦਾਰ ਕਦੇ ਵੀ ਉਨ੍ਹਾਂ ਤੋਂ ਵੱਖ ਨਹੀਂ ਹੋਇਆ ਅਤੇ ਅੱਜ ਵੀ ਉਨ੍ਹਾਂ ਦੀਆਂ ਯਾਦਾਂ, ਖਾਮੋਸ਼ੀਆਂ ਅਤੇ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਜਿਨ੍ਹਾਂ ਨੇ ਸਾਲਾਂ ਦੌਰਾਨ ਇਸ ਕਿਰਦਾਰ ਨੂੰ ਬਹੁਤ ਪਿਆਰ ਦਿੱਤਾ।

 

ਇੱਕ ਬਿਆਨ ਵਿੱਚ ਰੇਖਾ ਨੇ ਕਿਹਾ, "'ਉਮਰਾਓ ਜਾਨ' ਨੇ ਕਦੇ ਮੇਰਾ ਸਾਥ ਨਹੀਂ ਛੱਡਿਆ। ਉਹ ਮੇਰੀਆਂ ਯਾਦਾਂ, ਮੇਰੀਆਂ ਖਾਮੋਸ਼ੀਆਂ ਅਤੇ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ, ਜਿਨ੍ਹਾਂ ਨੇ ਸਾਲਾਂ ਦੌਰਾਨ ਉਸ ਨੂੰ ਬਹੁਤ ਪਿਆਰ ਦਿੱਤਾ ਹੈ। ਉਸ ਸਫ਼ਰ ਨੂੰ ਮੁੜ ਜੀਣਾ ਅਤੇ ਇਸ ਫ਼ਿਲਮ ਨੂੰ ਵਿਸ਼ਵ ਪੱਧਰ 'ਤੇ ਸਨਮਾਨ ਮਿਲਦਾ ਦੇਖਣਾ ਮੇਰੇ ਲਈ ਨਿਮਰ ਕਰਨ ਵਾਲਾ ਅਤੇ ਭਾਵੁਕ ਪਲ ਹੈ।"

 

ਮੁਜ਼ੱਫ਼ਰ ਅਲੀ ਦੇ ਨਿਰਦੇਸ਼ਨ ਹੇਠ ਬਣੀ 'ਉਮਰਾਓ ਜਾਨ' ਇੱਕ ਪੀਰੀਅਡ ਸੰਗੀਤਕ ਡਰਾਮਾ ਫ਼ਿਲਮ ਹੈ, ਜਿਸ ਵਿੱਚ ਰੇਖਾ ਨੇ ਮੁੱਖ ਭੂਮਿਕਾ ਨਿਭਾਈ ਸੀ। ਮਿਰਜ਼ਾ ਹਾਦੀ ਰੁਸਵਾ ਦੇ 1899 ਦੇ ਉਰਦੂ ਨਾਵਲ 'ਉਮਰਾਓ ਜਾਨ ਅਦਾ' 'ਤੇ ਆਧਾਰਿਤ ਇਹ ਫ਼ਿਲਮ ਲਖਨਊ ਦੀ ਇੱਕ ਤਵਾਇਫ਼ ਅਤੇ ਸ਼ਾਇਰਾ ਦੇ ਜੀਵਨ ਅਤੇ ਉਸ ਦੀ ਸ਼ੋਹਰਤ ਤੱਕ ਦੇ ਸਫ਼ਰ ਦੀ ਕਹਾਣੀ ਬਿਆਨ ਕਰਦੀ ਹੈ।

 

ਇਸ ਫ਼ਿਲਮ ਨੂੰ ਕਈ ਸਨਮਾਨ ਮਿਲੇ ਹਨ। 29ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿੱਚ ਇਸ ਨੇ ਸਰਵੋਤਮ ਅਦਾਕਾਰਾ ਸਮੇਤ ਚਾਰ ਪੁਰਸਕਾਰ ਜਿੱਤੇ ਸਨ।

 

ਫੈਸਟੀਵਲ ਦੌਰਾਨ ਰੇਖਾ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ, ਯਾਦਗਾਰ ਅਦਾਕਾਰੀ ਅਤੇ ਸ਼ਾਨਦਾਰ ਕਰੀਅਰ ਲਈ ਵੱਕਾਰੀ 'ਐਕਸੀਲੈਂਸ ਇਨ ਸਿਨੇਮਾ ਐਵਾਰਡ' ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।

 

ਰੇਖਾ ਨੇ ਕਿਹਾ, "ਸਿਨੇਮਾ ਮੇਰੇ ਜੀਵਨ ਦੀ ਸਭ ਤੋਂ ਵੱਡੀ ਬਖ਼ਸ਼ਿਸ਼ ਰਿਹਾ ਹੈ ਅਤੇ ਆਈਐੱਫਐੱਫਐੱਮ 2026 ਵਿੱਚ 'ਐਕਸੀਲੈਂਸ ਇਨ ਸਿਨੇਮਾ ਐਵਾਰਡ' ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਖ਼ਾਸ ਹੈ। ਮੈਂ ਇਹ ਸਨਮਾਨ ਡੂੰਘੇ ਆਭਾਰ ਨਾਲ ਸਵੀਕਾਰ ਕਰਦੀ ਹਾਂ। ਇਹ ਸਿਰਫ਼ ਮੇਰੇ ਆਪਣੇ ਸਫ਼ਰ ਦੀ ਪਛਾਣ ਨਹੀਂ, ਸਗੋਂ ਉਨ੍ਹਾਂ ਫ਼ਿਲਮ ਨਿਰਮਾਤਾਵਾਂ, ਲੇਖਕਾਂ, ਸੰਗੀਤਕਾਰਾਂ ਅਤੇ ਅਣਗਿਣਤ ਸਹਿਯੋਗੀਆਂ ਨੂੰ ਵੀ ਸਮਰਪਿਤ ਹੈ, ਜਿਨ੍ਹਾਂ ਨੇ ਮੇਰੇ ਜੀਵਨ ਨੂੰ ਸਮ੍ਰਿੱਧ ਬਣਾਇਆ ਅਤੇ ਮੇਰੇ ਕੰਮ ਨੂੰ ਆਕਾਰ ਦਿੱਤਾ।"

 

ਫੈਸਟੀਵਲ ਦੀ ਆਜ਼ਾਦੀ ਦਿਵਸ ਦੀ ਪਰੰਪਰਾ ਤਹਿਤ ਰੇਖਾ 15 ਅਗਸਤ ਨੂੰ ਮੇਲਬੌਰਨ ਵਿੱਚ ਭਾਰਤੀ ਤਿਰੰਗਾ ਲਹਿਰਾਉਣਗੇ। ਇਸ ਮੌਕੇ ਉਹ ਭਾਰਤੀ ਮੂਲ ਦੇ ਲੋਕਾਂ, ਆਸਟਰੇਲੀਆਈ ਸ਼ਖ਼ਸੀਅਤਾਂ, ਫ਼ਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਨਾਲ ਮਿਲ ਕੇ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਮਨਾਉਣਗੇ।

 

ਫੈਸਟੀਵਲ ਦੇ ਸਾਲਾਨਾ ਝੰਡਾ ਲਹਿਰਾਉਣ ਸਮਾਗਮ ਦੀ ਅਗਵਾਈ ਪਹਿਲਾਂ ਭਾਰਤੀ ਸਿਨੇਮਾ ਦੀਆਂ ਕਈ ਪ੍ਰਸਿੱਧ ਹਸਤੀਆਂ ਕਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਰਹੂਮ ਰਿਸ਼ੀ ਕਪੂਰ, ਆਮਿਰ ਖ਼ਾਨ, ਸ਼ਬਾਨਾ ਆਜ਼ਮੀ, ਅਨਿਲ ਕਪੂਰ, ਰਾਣੀ ਮੁਖਰਜੀ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਰਾਮਚਰਨ ਅਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਸ਼ਾਮਲ ਹਨ।

 

'ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੇਲਬੌਰਨ' ਦੀ ਸੰਸਥਾਪਕ ਅਤੇ ਫੈਸਟੀਵਲ ਡਾਇਰੈਕਟਰ ਮਿਤੂ ਭੌਮਿਕ ਲਾਂਗੇ ਨੇ ਕਿਹਾ, "ਰੇਖਾ ਜੀ ਅਜਿਹੀ ਸਦੀਵੀ ਹਸਤੀ ਹਨ। ਉਨ੍ਹਾਂ ਦਾ ਬੇਮਿਸਾਲ ਕਰੀਅਰ, ਸ਼ਾਲੀਨਤਾ ਅਤੇ ਦਹਾਕਿਆਂ ਦੌਰਾਨ ਬਣਾਈ ਗਈ ਅਨੋਖੀ ਵਿਰਾਸਤ ਨੇ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਦੇ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ ਹੈ।" ਉਨ੍ਹਾਂ ਕਿਹਾ, "ਇਸ ਸਾਲ ਉਨ੍ਹਾਂ ਦਾ ਸਾਡੇ 'ਵਿਸ਼ੇਸ਼ ਮਹਿਮਾਨ' ਵਜੋਂ ਸਵਾਗਤ ਕਰਨਾ 'ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੇਲਬੌਰਨ' ਲਈ ਬਹੁਤ ਵੱਡਾ ਸਨਮਾਨ ਹੈ।" ਉਨ੍ਹਾਂ ਅੱਗੇ ਕਿਹਾ, "ਭਾਰਤ ਦੇ ਆਜ਼ਾਦੀ ਦਿਵਸ ਮੌਕੇ ਰੇਖਾ ਜੀ ਵੱਲੋਂ ਭਾਰਤੀ ਤਿਰੰਗਾ ਲਹਿਰਾਉਣਾ ਸਾਡੇ ਸਾਰਿਆਂ ਲਈ ਬੇਹੱਦ ਮਾਣ ਵਾਲਾ ਪਲ ਹੋਵੇਗਾ।" ਉਨ੍ਹਾਂ ਕਿਹਾ, "ਉਨ੍ਹਾਂ ਨੂੰ 'ਐਕਸੀਲੈਂਸ ਇਨ ਸਿਨੇਮਾ ਐਵਾਰਡ' ਨਾਲ ਸਨਮਾਨਿਤ ਕਰਨਾ ਵੀ ਉਨਾ ਹੀ ਢੁੱਕਵਾਂ ਹੈ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦਾ ਯੋਗਦਾਨ ਅਮੁੱਲ ਹੈ ਅਤੇ ਉਨ੍ਹਾਂ ਦਾ ਪ੍ਰਭਾਵ ਅੱਜ ਵੀ ਵੱਖ-ਵੱਖ ਪੀੜ੍ਹੀਆਂ ਦੇ ਅਦਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ।"

'ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੇਲਬੌਰਨ' 13 ਤੋਂ 23 ਅਗਸਤ 2026 ਤੱਕ ਆਯੋਜਿਤ ਕੀਤਾ ਜਾਵੇਗਾ।

Comments

Leave A Comment

Required fields are marked (*).

Related

Talk to us?