ਵਿਕਸਿਤ ਅੰਮ੍ਰਿਤਸਰ ਪਹਿਲਕਦਮੀ ਦੇ ਮੁੱਖ ਪ੍ਰੇਰਨਾ ਸ੍ਰੋਤ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਸ. ਤਰਨਜੀਤ ਸਿੰਘ ਸੰਧੂ ਆਪਣਾ ਵਰਚੁਅਲ ਸੰਬੋਧਨ ਦਿੰਦੇ ਹੋਏ / Screenshot
ਅੰਮ੍ਰਿਤਸਰ: ਯੂਨੀਵਰਸਿਟੀ ਆਫ਼ ਮੈਰੀਲੈਂਡ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਨੇ ਏਆਈ ਸਿੱਖਿਆ ਖੇਤਰ ਵਿੱਚ ਇੱਕ ਨਵੀਂ ਭਾਈਵਾਲੀ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਛੇ ਹਫ਼ਤਿਆਂ ਦਾ ਇੱਕ ਵਿਸ਼ੇਸ਼ ਸਰਟੀਫਿਕੇਟ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਵਿੱਚ ਚੁਣੇ ਗਏ 30 ਵਿਦਿਆਰਥੀਆਂ ਨੂੰ ਏਆਈ ਸਬੰਧੀ ਉੱਚ ਪੱਧਰੀ ਸਿਖਲਾਈ ਦਿੱਤੀ ਜਾਵੇਗੀ।
‘ਵਿਕਸਿਤ ਅੰਮ੍ਰਿਤਸਰ’ ਵੱਲੋਂ ਸਮਰਥਿਤ ਇਸ ਪਹਿਲਕਦਮੀ ਦਾ ਰਸਮੀ ਉਦਘਾਟਨ 1 ਜੂਨ ਨੂੰ ਇੱਕ ਵਰਚੁਅਲ ਸਮਾਗਮ ਦੌਰਾਨ ਕੀਤਾ ਗਿਆ। ਇਸ ਸਮਾਗਮ ਵਿੱਚ ਦਿੱਲੀ ਦੇ ਲੈਫਟੀਨੈਂਟ ਤਰਨਜੀਤ ਸੰਧੂ ਸਣੇ ਅਕਾਦਮਿਕ ਆਗੂਆਂ, ਸਰਕਾਰੀ ਅਧਿਕਾਰੀਆਂ, ਭਾਰਤੀ ਮੂਲ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਆਯੋਜਕਾਂ ਅਨੁਸਾਰ ਇਸ ਸਹਿਯੋਗ ਦਾ ਉਦੇਸ਼ ਵਿਦਿਆਰਥੀਆਂ ਨੂੰ ਏਆਈ ਖੇਤਰ ਵਿੱਚ ਵਿਸ਼ੇਸ਼ ਤਾਲੀਮ ਪ੍ਰਦਾਨ ਕਰਨਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਵਿਦਿਅਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਕਸਤ ਅੰਮ੍ਰਿਤਸਰ ਪਹਿਲਕਦਮੀ ਦੇ ਮੁੱਖ ਰੂਪ ਵਿੱਚ ਪ੍ਰੇਰਨਾ ਸ੍ਰੋਤ ਅਤੇ ਦਿੱਲੀ ਦੇ ਉਪ-ਰਾਜਪਾਲ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਸਮਾਜਿਕ ਅਤੇ ਆਰਥਿਕ ਤਰੱਕੀ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਨ੍ਹਾਂ ਭਾਰਤੀ ਮੂਲ ਦੇ ਸਫਲ ਪੇਸ਼ੇਵਰਾਂ ਦੀ ਸੋਚ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਭਾਰਤ ਵਿੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਕਾਮਯਾਬੀਆਂ ਹਾਸਲ ਕੀਤੀਆਂ ਅਤੇ ਹੁਣ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਨਵੀਂ ਪੀੜ੍ਹੀ ਲਈ ਮੌਕੇ ਸਿਰਜ ਰਹੇ ਹਨ।
ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ, “ਮੈਂ ਇਸ ਦੂਰਦਰਸ਼ੀ ਪਹਿਲ ਨੂੰ ਹਕੀਕਤ ਦਾ ਰੂਪ ਦੇਣ ਲਈ ਸਾਰੇ ਸਹਿਯੋਗੀਆਂ, ਵਿਸ਼ੇਸ਼ ਤੌਰ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਧਾਈ ਦਿੰਦਾ ਹਾਂ।“ ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਾਲੀ ਜੀਐਨਡੀਯੂ ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਪ੍ਰੋਗਰਾਮ ਦੀ ਆਰੰਭਤਾ ਕਰਦਿਆਂ ਵਿਕਸਤ ਅੰਮ੍ਰਿਤਸਰ ਦੇ ਸੰਸਥਾਪਕ ਡਾ. ਸੰਜੀਵ ਲਖਨਪਾਲ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਪ੍ਰਤਿਭਾ ਨੂੰ ਮੌਕਿਆਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਏਆਈ ਨਾ ਸਿਰਫ਼ ਅੱਜ ਦੀ ਲੋੜ ਹੈ, ਸਗੋਂ ਭਵਿੱਖ ਦੀ ਦਿਸ਼ਾ ਵੀ ਨਿਰਧਾਰਤ ਕਰੇਗੀ।
ਜੀਐਨਡੀਯੂ ਦੇ ਪ੍ਰੋਫੈਸਰ ਡਾ. ਸੰਦੀਪ ਸ਼ਰਮਾ ਅਨੁਸਾਰ ਇਸ ਪ੍ਰੋਗਰਾਮ ਲਈ 300 ਤੋਂ ਵੱਧ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਸਨ। ਲਿਖਤੀ ਮੁਲਾਂਕਣ ਅਤੇ ਇੰਟਰਵਿਊ ਪ੍ਰਕਿਰਿਆ ਤੋਂ ਬਾਅਦ 30 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਛੇ ਹਫ਼ਤਿਆਂ ਦੇ ਇਸ ਸਰਟੀਫਿਕੇਟ ਕੋਰਸ ਵਿੱਚ ਏਆਈ ਦੀਆਂ ਬੁਨਿਆਦਾਂ, ਵੱਡੇ ਭਾਸ਼ਾਈ ਮਾਡਲ (ਐਲਐਲਐਮ), ਸਿਖਲਾਈ ਤਕਨੀਕਾਂ, ਚਿੱਤਰ ਨਿਰਮਾਣ ਅਤੇ ਨਕਲੀ ਬੁੱਧੀ ਦੇ ਵਿਹਾਰਕ ਉਪਯੋਗਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ / Screenshotਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਭਾਈਵਾਲੀ ਨੂੰ ਯੂਨੀਵਰਸਿਟੀ ਦੀ ਭਵਿੱਖਮੁਖੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਧੁਨਿਕ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਸਿਰਫ਼ ਮੌਜੂਦਾ ਰੁਜ਼ਗਾਰ ਮੌਕਿਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਅਤੇ ਸੰਭਾਵਨਾਵਾਂ ਨਾਲ ਨਜਿੱਠਣ ਲਈ ਵੀ ਸਮਰੱਥ ਬਣਾਉਣਾ ਹੈ।
ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਕੰਪਿਊਟਰ ਵਿਗਿਆਨ ਵਿਭਾਗ ਦੇ ਡੀਨ ਪ੍ਰੋ. ਅਮਿਤਾਭ ਵਰਸ਼ਨੇ ਨੇ ਚੁਣੇ ਗਏ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਏਆਈ ਹੁਣ ਖੋਜ ਪ੍ਰਯੋਗਸ਼ਾਲਾਵਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਸਿਹਤ, ਖੇਤੀਬਾੜੀ, ਉਦਯੋਗ ਅਤੇ ਸਮਾਜਿਕ ਢਾਂਚਿਆਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।
ਮੈਰੀਲੈਂਡ ਦੇ ਉੱਚ ਸਿੱਖਿਆ ਸਕੱਤਰ ਸੰਜੇ ਰਾਏ ਨੇ ਕਿਹਾ ਕਿ ਇਹ ਭਾਈਵਾਲੀ ਦਰਸਾਉਂਦੀ ਹੈ ਕਿ ਤਕਨਾਲੋਜੀ ਰਾਹੀਂ ਸਰਹੱਦਾਂ ਤੋਂ ਪਰੇ ਉੱਚ-ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਸੰਭਵ ਬਣਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਹਿਯੋਗ ਦਾ ਦਾਇਰਾ ਹੋਰ ਵਧਾਇਆ ਜਾ ਸਕਦਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ, ਭਾਈਚਾਰੇ, ਰਾਜ ਅਤੇ ਦੇਸ਼ ਇਸ ਤੋਂ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਵਿੱਖ ਦੀ ਕੋਈ ਵੱਡੀ ਏਆਈ ਖੋਜ ਜਾਂ ਨਵੀਨਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀ ਸਾਹਮਣੇ ਆ ਸਕਦੀ ਹੈ।
ਵਰਚੁਅਲ ਸਮਾਗਮ ਦੀ ਝਲਕ / Photo Courtesy
‘ਵਿਕਸਿਤ ਅੰਮ੍ਰਿਤਸਰ’ ਦੇ ਬੋਰਡ ਮੈਂਬਰ ਡਾ. ਸੁਧੀਰ ਸਕਸੇਰੀਆ ਨੇ ਕਿਹਾ ਕਿ ਇਹ ਪ੍ਰੋਗਰਾਮ ਅੰਮ੍ਰਿਤਸਰ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਕੀਤੇ ਜਾ ਰਹੇ ਵਿਆਪਕ ਯਤਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਆਪਣੀ ਭਾਵੁਕ ਅਪੀਲ ਵਿੱਚ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਕਿਹਾ , “ਇੱਕ ਗੱਲ ਹਮੇਸ਼ਾ ਯਾਦ ਰੱਖੋ, ਆਪਣੇ ਸ਼ਹਿਰ ਅੰਮ੍ਰਿਤਸਰ ਅਤੇ ਭਾਈਚਾਰੇ ਨੂੰ ਕੁਝ ਵਾਪਸ ਦੇਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ।”
ਵਿਕਸਤ ਅੰਮ੍ਰਿਤਸਰ ਦੇ ਬੋਰਡ ਮੈਂਬਰ ਗੁਰਪ੍ਰੀਤ ਤੱਖਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਪੰਜਾਬ ਅਤੇ ਅਮਰੀਕਾ ਦੇ ਲੋਕਾਂ ਨੂੰ ਸਿੱਖਿਆ, ਨਵੀਨਤਾ ਅਤੇ ਸਮਾਜਿਕ ਤਰੱਕੀ ਦੇ ਸਾਂਝੇ ਸੁਪਨੇ ਨਾਲ ਜੋੜਨਾ ਹੈ।
ਇੰਡੀਆ ਅਬਰੌਡ ਪੰਜਾਬੀ ਦੇ ਮੁੱਖ ਸੰਪਾਦਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਡਾ. ਸੁਖਪਾਲ ਸਿੰਘ ਧਨੋਆ ਨੇ ਇਸ ਮੌਕੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਜੀਐਨਡੀਯੂ ਪੇਂਡੂ ਖੇਤਰ ਦੇ ਵਿਿਦਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਰਹੀ ਹੈ ਅਤੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਏਆਈ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਉਨ੍ਹਾਂ ਕਿਹਾ ਯੂਨੀਵਰਸਿਟੀ ਦੀਆਂ ਅੰਤਰਰਾਸ਼ਟਰੀ ਪੱਧਰ 'ਤੇ ਅਜਿਹੀਆਂ ਪਹਿਲਕਦਮੀਆਂ ਸਾਨੂੰ ਬਹੁਤ ਮਾਣ ਮਹਿਸੂਸ ਕਰਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿੱਦਿਆ ਦੇ ਖੇਤਰ ਅਤੇ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਇਹ ਸਾਰੇ ਕਾਰਜ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਂਝ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਕਾਦਮਿਕ ਪ੍ਰਣਾਲੀਆਂ ਅਤੇ ਵਿਸ਼ਵ ਪੱਧਰੀ ਕਾਰਜ-ਪ੍ਰਣਾਲੀਆਂ ਨੂੰ ਨੇੜਿਓਂ ਸਮਝਣ ਦਾ ਵਿਲੱਖਣ ਮੌਕਾ ਦੇਵੇਗੀ।
ਸਮਾਗਮ ਦੌਰਾਨ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਪ੍ਰੋਗਰਾਮ ਰਾਹੀਂ ਮਿਲਣ ਵਾਲੇ ਅੰਤਰਰਾਸ਼ਟਰੀ ਸਿੱਖਣ ਦੇ ਮੌਕਿਆਂ ਪ੍ਰਤੀ ਉਤਸ਼ਾਹ ਪ੍ਰਗਟਾਇਆ।
ਉਮੀਦ ਹੈ ਕਿ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਆਰੰਭੇ ਇਹ ਕਾਰਜ ਗੁਰੂ ਨਗਰੀ ਦੀ ਨੁਹਾਰ ਬਦਲਣ ਵਿੱਚ ਬੇਹਦ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੋਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login