ਪ੍ਰਤੀਕ ਤਸਵੀਰ / AI generated
ਪੰਜਾਬ ਦੀ ਸਿਆਸੀ ਅਤੇ ਵਿਕਾਸ ਦੀ ਲੰਮੀ ਤਵਾਰੀਖ਼ ਹੈ। ਖੇਤੀ ਦਾ ਸੰਕਟ, ਪਾਣੀ ਦੀ ਘਾਟ, ਨੌਜਵਾਨਾਂ ਦਾ ਪਰਵਾਸ, ਅਤੇ ਵਿੱਤੀ ਦਬਾਅ ਵਰਗੀਆਂ ਲੰਮੇਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਨੂੰ ਪ੍ਰਤੀਕਰਮੀ (ਰਿਐਕਟਿਵ) ਅਤੇ ਲੋਕਪ੍ਰਿਅਤਾਵਾਦੀ ਸਿਆਸਤ ਤੋਂ ਹਟ ਕੇ, ਸੂਚਿਤ ਅਤੇ ਰਣਨੀਤਕ ਪ੍ਰਬੰਧ ਵੱਲ ਜਾਣ ਦੀ ਲੋੜ ਹੈ। ਇਸ ਪਿਛੋਕੜ ਵਿੱਚ, ਮਨੁੱਖੀ ਬੁੱਧੀ (HI) ਅਤੇ AI ਦੇ ਸੰਯੁਕਤ ਇਸਤੇਮਾਲ ਨਾਲ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।
ਪੰਜਾਬੀ ਸਮਾਜ ਅਤੇ ਸਿਆਸਤ ਦੇ ਸੰਦਰਭ ਵਿੱਚ HI ਅਤੇ AI ਦੇ ਸੰਬੰਧਾਂ ਦਾ ਖ਼ਾਸ ਮਤਲਬ ਬਣਦਾ ਹੈ। ਪੰਜਾਬ ਸਿਰਫ਼ ਇੱਕ ਭੂਗੋਲਿਕ ਇਕਾਈ ਨਹੀਂ ਹੈ; ਇਹ ਇੱਕ ਤਵਾਰੀਖ਼ੀ ਰੂਪ ਵਿੱਚ ਬਣੀ ਸਮਾਜਿਕ ਸੰਰਚਨਾ ਹੈ, ਜਿਸ ਵਿੱਚ ਖੇਤੀ ਪ੍ਰਬੰਧ, ਭਾਸ਼ਾਈ ਪਛਾਣ, ਧਾਰਮਿਕ ਪਰੰਪਰਾਵਾਂ, ਪਰਵਾਸ ਅਤੇ ਸਿਆਸੀ ਸੰਘਰਸ਼ਾਂ ਦਾ ਲੰਮਾ ਤਜਰਬਾ ਸ਼ਾਮਲ ਹੈ। ਅਜਿਹੇ ਮਾਹੌਲ ਵਿੱਚ, ਮਨੁੱਖੀ ਸਮਝ ਅਤੇ ਮਸ਼ੀਨੀ ਵਿਸ਼ਲੇਸ਼ਣ ਦਾ ਮੇਲ ਪਛਾਣ, ਸ਼ਕਤੀ ਅਤੇ ਸਿਆਸੀ ਕਿਰਿਆ ਦੇ ਭਵਿੱਖ ਬਾਰੇ ਨਵੇਂ ਸਵਾਲ ਖੜ੍ਹੇ ਕਰਦਾ ਹੈ।
ਡਾਟਾ ਤੋਂ ਪਰੇ ਪਛਾਣ
ਪੰਜਾਬ ਵਿੱਚ ਮਨੁੱਖੀ ਬੁੱਧੀ ਨੇ ਸਦਾ ਤੋਂ ਸਮੂਹਿਕ ਯਾਦ, ਤਜਰਬੇ ਅਤੇ ਭਾਈਚਾਰਕ ਸੋਚ ਰਾਹੀਂ ਕੰਮ ਕੀਤਾ ਹੈ। ਪੰਜਾਬੀ ਸੂਬਾ ਮੋਰਚਾ ਹੋਵੇ ਜਾਂ ਕਿਸਾਨ ਅੰਦੋਲਨ — ਇਹ ਸਭ ਕੇਵਲ ਲੋੜ-ਮੁਥਾਜੀ ਕਰਕੇ ਨਹੀਂ, ਸਗੋਂ ਪਛਾਣ, ਸ਼ਾਨ ਅਤੇ ਤਵਾਰੀਖ਼ੀ ਚੇਤਨਾ ਦੇ ਅਧਾਰ ਤੇ ਉਠੇ ਸਨ। 75 ਸਾਲ ਪਹਿਲਾਂ ਪੰਜਾਬੀ-ਬੋਲਦਾ ਸੂਬਾ ਬਣਾਉਣ ਦੀ ਮੰਗ ਮਾਮੂਲੀ ਸਿਆਸੀ ਮੰਗ ਨਹੀਂ ਸੀ, ਸਗੋਂ ਇੱਕ ਸੱਭਿਆਚਾਰਕ ਅਤੇ ਸਭਿਅਤਾ ਨਾਲ ਜੁੜੀ ਪੁਕਾਰ ਸੀ। ਇਹ ਸਾਡੀ ਪਛਾਣ, ਸਾਡੀ ਸ਼ਾਨ ਅਤੇ ਆਪਣੀ ਕਿਸਮਤ ਆਪ ਬਣਾਉਣ ਦੇ ਅਧਿਕਾਰ ਦੀ ਗੱਲ ਸੀ।
ਇਸ ਦੇ ਉਲਟ, AI ਪੰਜਾਬੀ ਸਮਾਜ ਨੂੰ ਡਾਟਾ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੁੰਝਲਦਾਰ ਸਮਾਜਿਕ ਅਸਲੀਅਤਾਂ ਨੂੰ ਵੋਟਿੰਗ ਪੈਟਰਨ, ਸੋਸ਼ਲ ਮੀਡੀਆ ਭਾਵਨਾਵਾਂ, ਜਨਸੰਖਿਆ ਖੰਡਾਂ ਅਤੇ ਖਪਤ ਦੇ ਵਰਤਾਰਿਆਂ ਵਿੱਚ ਤਬਦੀਲ ਕਰ ਦਿੰਦਾ ਹੈ। ਪੰਜਾਬ ਦੀਆਂ ਹਾਲੀਆ ਚੋਣਾਂ ਵਿੱਚ, AI ਸਹਾਇਤਾ ਨਾਲ ਹਲਕਿਆਂ ਦਾ ਵਿਸ਼ਲੇਸ਼ਣ, ਸਵਿੰਗ ਵੋਟਰਾਂ ਦੀ ਪਛਾਣ ਅਤੇ ਟੀਚਾ-ਮੁਖੀ ਚੋਣ ਮੁਹਿੰਮਾਂ ਚਲਾਈਆਂ ਗਈਆਂ। AI ਸਿਰਫ਼ ਸੰਬੰਧ (ਕੋਰੀਲੇਸ਼ਨ) ਦੱਸ ਸਕਦਾ ਹੈ, ਜਿਵੇਂ ਕਿ ਲਾਭ ਪ੍ਰਾਪਤੀ ਅਤੇ ਵੋਟਿੰਗ ਵਿਚਕਾਰ ਸਬੰਧ — ਪਰ ਇਹ ਸਿਆਸੀ ਚੋਣ ਦੇ ਡੂੰਘੇ ਅਰਥਾਂ, ਜਿਵੇਂ ਕਿ ਕੇਂਦਰੀਕਰਨ ਪ੍ਰਤੀ ਰੋਹ ਜਾਂ ਖੇਤਰੀ ਸ਼ਾਨ ਦੀ ਅਭਿਲਾਸ਼ਾ, ਨੂੰ ਨਹੀਂ ਸਮਝ ਸਕਦਾ।
ਇਹ ਅੰਤਰ ਉੱਥੇ ਮਹੱਤਵਪੂਰਨ ਹੋ ਜਾਂਦਾ ਹੈ, ਜਿੱਥੇ ਪਛਾਣ ਆਪਣੇ ਆਪ ਵਿੱਚ ਬਹਿਸ ਦਾ ਵਿਸ਼ਾ ਅਤੇ ਨਿਰੰਤਰ ਬਦਲ ਰਹੀ ਹੈ। ਪੰਜਾਬੀ ਪਛਾਣ ਭਾਸ਼ਾ, ਪਰਵਾਸੀ ਸੰਬੰਧਾਂ, ਖੇਤੀ ਅਰਥਚਾਰੇ ਅਤੇ ਤਵਾਰੀਖ਼ੀ ਸ਼ਿਕਾਇਤਾਂ ਨਾਲ ਘੁਲੀ-ਮਿਲੀ ਹੈ। AI ਅਕਸਰ ਅਜਿਹੇ ਮੁੱਦਿਆਂ ਨੂੰ ਸਿਰਫ਼ ਨੀਤੀ ਦੇ ਅਧਾਰ ਤੇ ਦੇਖਦਾ ਹੈ, ਜਦੋਂ ਕਿ ਮਨੁੱਖੀ ਬੁੱਧੀ ਇਨ੍ਹਾਂ ਨੂੰ ਪਛਾਣ ਦੇ ਪ੍ਰਤੀਕ ਵਜੋਂ ਪਛਾਣਦੀ ਹੈ।
ਭਵਿੱਖਬਾਣੀ ਦੀਆਂ ਸੀਮਾਵਾਂ
ਸਮਾਜਿਕ ਵਿਗਿਆਨਾਂ ਵਿੱਚ ਕਿਸੇ ਇੱਕ ਸਿਧਾਂਤ ਦੀ ਘਾਟ ਪੰਜਾਬ ਵਿੱਚ ਖਾਸ ਕਰਕੇ ਦਿਖਦੀ ਹੈ। ਸਿਆਸੀ ਵਿਵਹਾਰ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ: ਖੇਤੀ ਅਰਥਚਾਰੇ ਦਾ ਪਤਨ (ਘਟਦੀ ਆਮਦਨ, MSP ‘ਤੇ ਨਿਰਭਰਤਾ), ਪਛਾਣ ਦੀ ਸਿਆਸਤ (ਪੰਜਾਬੀ ਭਾਸ਼ਾ ਅਤੇ ਸੱਭਿਆਚਾਰ), ਲੋਕਪ੍ਰਿਅਤਾਵਾਦੀ ਭਲਾਈ ਸਿਆਸਤ (ਮੁਫ਼ਤ ਬਿਜਲੀ, ਸਬਸਿਡੀਆਂ), ਅਤੇ ਸੰਘੀ ਤਣਾਅ (ਕੇਂਦਰ-ਰਾਜ ਸਬੰਧ)।
ਮਨੁੱਖੀ ਬੁੱਧੀ ਇਨ੍ਹਾਂ ਵਿਰੋਧੀ ਢਾਂਚਿਆਂ ਨੂੰ ਸਮਝਦੀ ਹੈ। AI ਅਕਸਰ ਡੂੰਘੀ ਸਿਧਾਂਤਕ ਸਮਝ ਨਾਲੋਂ ਭਵਿੱਖਬਾਣੀ ਨੂੰ ਤਰਜੀਹ ਦਿੰਦਾ ਹੈ — ਭਾਵੇਂ ਇਹ ਚੋਣ ਨਤੀਜੇ ਠੀਕ ਲਗਾ ਸਕਦਾ ਹੈ, ਪਰ ਇਹ ਵੱਖ-ਵੱਖ ਸਿਧਾਂਤਾਂ ਨੂੰ ਮਿਲਾ ਕੇ ਸਮਾਜ ਦੀ ਪੂਰੀ ਤਸਵੀਰ ਨਹੀਂ ਪੇਸ਼ ਕਰ ਸਕਦਾ।
ਪੰਜਾਬੀ ਸਮਾਜ ’ਤੇ AI ਦਾ ਪ੍ਰਭਾਵ ਦੋ-ਧਾਰੀ ਹੈ: ਇਕ ਪਾਸੇ ਇਹ ਵਿਸ਼ਾਲ ਪੈਮਾਨੇ ਦਾ ਵਿਸ਼ਲੇਸ਼ਣ ਸੰਭਵ ਬਣਾਉਂਦਾ ਹੈ, ਦੂਜੇ ਪਾਸੇ ਇਹ ਗੁੰਝਲਦਾਰੀ ਨੂੰ ਘਟਾ ਕੇ ਸਮਤਲ ਕਰ ਦੇਣ ਦਾ ਖ਼ਤਰਾ ਵੀ ਰੱਖਦਾ ਹੈ। ਮਿਸਾਲ ਵਜੋਂ, ਕਿਸਾਨ ਅੰਦੋਲਨ ਨੂੰ ਸਿਰਫ਼ ਹਿੱਸਾ ਲੈਣ ਵਾਲਿਆਂ ਦੇ ਅੰਕੜਿਆਂ ਜਾਂ ਸੋਸ਼ਲ ਮੀਡੀਆ ਦੇ ਰੁਝਾਨਾਂ ਤੋਂ ਨਹੀਂ ਸਮਝਿਆ ਜਾ ਸਕਦਾ — ਇਹ ਅਰਥਚਾਰੇ ਅਤੇ ਜ਼ਿੰਦਗੀ ਦੇ ਡੂੰਘੇ ਸੰਕਟ ਨੂੰ ਦਰਸਾਉਂਦਾ ਹੈ।
ਅੰਦੋਲਨ ਅਤੇ ਸੰਚਾਰ
ਅੰਦੋਲਨ ਲੋਕਾਂ ਨੂੰ ਇਕੱਠਾ ਕਰਨ ਦਾ ਸੰਵੇਦਨਸ਼ੀਲ ਅਤੇ ਤਾਕਤਵਰ ਹਥਿਆਰ ਹੈ। ਇਹ ਨਾ ਸਿਰਫ਼ ਅਸਹਿਮਤੀ ਜ਼ਾਹਰ ਕਰਨ ਦਾ ਸਾਧਨ ਹੈ, ਸਗੋਂ ਬਦਲਾਅ ਲਿਆਉਣ ਦੀ ਸ਼ਕਤੀ ਵੀ ਰੱਖਦਾ ਹੈ। ਪਰ ਅੰਦੋਲਨ ਦੀ ਵਰਤੋਂ ਲੋਕ ਰਾਏ ਵਿੱਚ ਗੜਬੜ ਕਰਨ, ਗ਼ਲਤ ਜਾਣਕਾਰੀ ਫੈਲਾਉਣ ਅਤੇ ਹਿੰਸਾ ਭੜਕਾਉਣ ਲਈ ਵੀ ਹੋ ਸਕਦੀ ਹੈ। ਪੰਜਾਬੀ ਸਮਾਜ ਵਿੱਚ ਅੰਦੋਲਨ ਦੀ ਭੂਮਿਕਾ ਗੁੰਝਲਦਾਰ ਅਤੇ ਬਹੁ-ਪੱਖੀ ਹੈ।
ਹੱਕ ਤੋਂ ਸਮਰੱਥਾ ਵੱਲ
ਇੱਕ ਹੋਰ ਅਹਿਮ ਮੁੱਦਾ ਸਿਆਸੀ ਕਿਰਿਆ ਵਿੱਚ ਤਬਦੀਲੀ ਹੈ। ਪਰੰਪਰਕ ਪੰਜਾਬੀ ਸਿਆਸਤ ਵਿੱਚ ਸਿੱਧੀ ਰੁਝੇਵਾਂ, ਭਾਈਚਾਰਕ ਮੀਟਿੰਗਾਂ, ਨੈੱਟਵਰਕ ਅਤੇ ਨਿੱਜੀ ਅਗਵਾਈ ਹੁੰਦੀ ਸੀ। AI ਦੇ ਪ੍ਰਚਾਰ ਨਾਲ ਸਿਆਸਤ ਵਧੇਰੇ ਪ੍ਰਬੰਧਕੀ ਅਤੇ ਡਾਟਾ-ਚਾਲਿਤ ਹੋਣ ਦੇ ਖ਼ਤਰੇ ਵਿੱਚ ਹੈ, ਜਿੱਥੇ “ਜਿੱਤਣਯੋਗਤਾ” ਨੂੰ ਵਿਚਾਰਧਾਰਾ ਜਾਂ ਨੈਤਿਕ ਵਚਨਬੱਧਤਾ ਤੋਂ ਉਤਾਂਹ ਰੱਖਿਆ ਜਾਂਦਾ ਹੈ। ਪਹਿਲਾਂ ਪਛਾਣ, ਸ਼ਾਨ ਅਤੇ ਸੰਸਥਾਗਤ ਅਧਿਕਾਰਾਂ ‘ਤੇ ਜ਼ੋਰ ਸੀ, ਹੁਣ ਤੁਰੰਤ ਲਾਭ (ਸਬਸਿਡੀ, ਕਰਜ਼ਾ ਮੁਆਫ਼ੀ) ਆਮ ਗੱਲ ਬਣ ਗਈ ਹੈ।
HI ਅਤੇ AI ਰਲ਼ ਕੇ ਇੱਕ ਸੰਤੁਲਿਤ ਪਹੁੰਚ ਅਪਣਾ ਸਕਦੇ ਹਨ। ਸਹੀ ਸਮੂਹਾਂ ਦੀ ਪਛਾਣ ਕਰਕੇ, ਰਾਜ ਨਿਸ਼ਾਨਾ-ਮੁਖੀ ਸਹਾਇਤਾ ਕਰ ਸਕਦਾ ਹੈ ਅਤੇ ਲੰਮੀ ਮਿਆਦ ਦੀ ਸਮਰੱਥਾ — ਸਿੱਖਿਆ, ਬੁਨਿਆਦੀ ਢਾਂਚਾ, ਅਰਥਚਾਰੇ ਵਿੱਚ ਵਿਭਿੰਨਤਾ — ਵਿੱਚ ਨਿਵੇਸ਼ ਕਰ ਸਕਦਾ ਹੈ। ਇਹ “ਹੱਕ-ਰਾਜਨੀਤੀ” ਤੋਂ “ਸਮਰੱਥਾ-ਰਾਜਨੀਤੀ” ਵੱਲ ਤਬਦੀਲੀ ਹੈ।
ਪੰਜਾਬ ਦਾ ਸਿਆਸੀ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀਆਂ ਪਰੰਪਰਕ ਤਾਕਤਾਂ ਨੂੰ ਆਧੁਨਿਕ ਸਾਧਨਾਂ ਨਾਲ ਜੋੜ ਸਕਦਾ ਹੈ। ਮਨੁੱਖੀ ਬੁੱਧੀ ਇਹ ਯਕੀਨੀ ਬਣਾਉਂਦੀ ਹੈ ਕਿ ਸਿਆਸਤ ਹਕੀਕਤ ਅਤੇ ਕਦਰਾਂ-ਕੀਮਤਾਂ ਨਾਲ ਜੁੜੀ ਰਹੇ, ਜਦਕਿ AI ਇਸ ਨੂੰ ਸੂਚਿਤ, ਕੁਸ਼ਲ ਅਤੇ ਅਗਾਂਹ-ਵਧੂ ਬਣਾਉਂਦਾ ਹੈ।
---
ਅਨੁਵਾਦਕ
ਡਾ. ਕੁਲਦੀਪ ਸਿੰਘ
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login