happy christmas / image provided
ਅਮਰੀਕਾ ਵਿੱਚ ਵਸੇ ਭਾਰਤੀ-ਅਮਰੀਕੀ ਭਾਈਚਾਰੇ ਲਈ ਕ੍ਰਿਸਮਸ ਡਿਨਰ ਹੁਣ ਸਿਰਫ਼ ਇੱਕ ਪੱਛਮੀ ਪਰੰਪਰਾ ਨਹੀਂ ਰਹਿ ਗਿਆ ਹੈ। ਜਿੱਥੇ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਅਕਸਰ ਕ੍ਰਿਸਮਸ 'ਤੇ ਸੁੱਕੀ ਟਰਕੀ ਅਤੇ ਡੱਬਾਬੰਦ ਕ੍ਰੈਨਬੇਰੀ ਸੌਸ ਨਾਲ ‘ਅਮਰੀਕੀ’ ਬਣਨ ਦੀ ਕੋਸ਼ਿਸ਼ ਕਰਦੇ ਸਨ, ਉੱਥੇ ਹੀ ਅੱਜ ਉਨ੍ਹਾਂ ਦੀ ਨਵੀਂ ਪੀੜ੍ਹੀ ਨੇ ਇਸ ਪਰੰਪਰਾ ਨੂੰ ਦੇਸੀ ਸੁਆਦ ਨਾਲ ਨਵਾਂ ਰੂਪ ਦੇ ਦਿੱਤਾ ਹੈ।
ਕਦੇ ਕ੍ਰਿਸਮਸ ਰੋਸਟ (ਭੁੰਨਿਆ ਹੋਇਆ ਮੀਟ) ਨੂੰ ਅਮਰੀਕੀ ਸਮਾਜ ਵਿੱਚ ਰਚਣ-ਮਿਚਣ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਹ ਦਿਖਾਉਣ ਦੀ ਕੋਸ਼ਿਸ਼ ਹੁੰਦੀ ਸੀ ਕਿ ਪਰਿਵਾਰ ਅਮਰੀਕੀ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਘੁਲ-ਮਿਲ ਗਿਆ ਹੈ। ਪਰ ਸੱਚ ਇਹ ਵੀ ਸੀ ਕਿ ਉਹ ਖਾਣਾ ਜ਼ਿਆਦਾਤਰ ਸਵਾਦ ਲਈ ਨਹੀਂ, ਸਗੋਂ ਮਜਬੂਰੀ ਵਿੱਚ ਬਣਾਇਆ ਜਾਂਦਾ ਸੀ। ਹੁਣ ਹਾਲਾਤ ਬਦਲ ਚੁੱਕੇ ਹਨ। ਅੱਜ ਭਾਰਤੀ-ਅਮਰੀਕੀ ਨੌਜਵਾਨ ਆਪਣੀਆਂ ਜੜ੍ਹਾਂ ਨੂੰ ਮਾਣ ਨਾਲ ਅਪਣਾਉਂਦੇ ਹੋਏ ਕ੍ਰਿਸਮਸ ਟੇਬਲ 'ਤੇ ਗੋਆ, ਪੰਜਾਬ ਅਤੇ ਦੱਖਣ ਭਾਰਤ ਦੀ ਖੁਸ਼ਬੂ ਲੈ ਕੇ ਆ ਰਹੇ ਹਨ।
ਇਸ ਸੱਭਿਆਚਾਰਕ ਬਦਲਾਅ ਦੀ ਝਲਕ ਹਾਲ ਹੀ ਵਿੱਚ ਇੱਕ ਵਾਇਰਲ ਇੰਸਟਾਗ੍ਰਾਮ ਰੀਲ ਵਿੱਚ ਦੇਖਣ ਨੂੰ ਮਿਲੀ, ਜਿਸ ਨੂੰ ਕੰਟੈਂਟ ਕ੍ਰਿਏਟਰ ਮਧੁਰਾ ਦੇਸਾਈ (@thedesidesai) ਨੇ ਸਾਂਝਾ ਕੀਤਾ। “ਅਮਰੀਕਨ ਐਟ ਇੰਡਿਅਨ ਕ੍ਰਿਸਮਸ” ਸਿਰਲੇਖ ਵਾਲੀ ਇਸ ਵੀਡੀਓ ਵਿੱਚ ਦੇਸਾਈ ਆਧੁਨਿਕ ਭਾਰਤੀ–ਅਮਰੀਕੀ ਤਿਉਹਾਰ ਦੀ ਹਾਸਿਆਂ ਭਰੀ ਹਕੀਕਤ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀ ਹੈ। ਰੀਲ ਵਿੱਚ ਇੱਕ ਪੱਛਮੀ ਮਹਿਮਾਨ ਦੇ ‘ਕਲਚਰ ਸ਼ੌਕ’ (ਸੱਭਿਆਚਾਰਕ ਝਟਕੇ) ਨੂੰ ਮਜ਼ੇਦਾਰ ਅੰਦਾਜ਼ ਵਿੱਚ ਦਿਖਾਇਆ ਗਿਆ ਹੈ। ਘਰ ਦੇ ਵਿਚਕਾਰ ਰੱਖੀ ਸਾਧਾਰਨ ਰੋਸਟ ਦੀ ਜਗ੍ਹਾ ਤੰਦੂਰੀ ਮਸਾਲਿਆਂ ਨਾਲ ਸਜੀ ਟਰਕੀ ਅਤੇ ਟਿੱਕਾ ਮਸਾਲਾ ਫਲੇਵਰ ਵਾਲਾ ਹੈਮ ਨਜ਼ਰ ਆਉਂਦਾ ਹੈ। ਸਭ ਤੋਂ ਵੱਧ ਚਰਚਾ ਵਿੱਚ ਰਿਹਾ “ਕ੍ਰੈਨਬੇਰੀ ਸੌਸ ਅਚਾਰ” — ਰਵਾਇਤੀ ਕ੍ਰੈਨਬੇਰੀ ਸੌਸ ਦਾ ਤਿੱਖਾ-ਖੱਟਾ ਦੇਸੀ ਅਚਾਰ ਰੂਪ, ਜਿਸ ਨੇ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਦਾ ਦਿਲ ਜਿੱਤ ਲਿਆ। ਦੇਸਾਈ ਦੀ ਇਹ ਰੀਲ ਉਸ ਭਾਈਚਾਰੇ ਨੂੰ ਦਰਸਾਉਂਦੀ ਹੈ, ਜਿਸ ਨੇ ਆਖਿਰਕਾਰ ਇਹ ਫੈਸਲਾ ਕਰ ਲਿਆ ਹੈ ਕਿ “ਅਮਰੀਕੀ ਹੋਣ” ਦਾ ਮਤਲਬ “ਬੇਸੁਆਦ” ਹੋਣਾ ਨਹੀਂ।
ਮਧੁਰਾ ਦੇਸਾਈ / facebook ਮਿਆਮੀ ਦੀ 36 ਸਾਲਾ ਮਾਰਕੀਟਿੰਗ ਐਗਜ਼ਿਕਿਊਟਿਵ ਪ੍ਰੀਆ ਪੀ. ਕਹਿੰਦੀ ਹੈ, “ਸਾਲਾਂ ਤੱਕ ਮੇਰੇ ਮਾਪੇ ਕ੍ਰਿਸਮਸ 'ਤੇ ਉਹੀ ਥੈਂਕਸਗਿਵਿੰਗ-ਸਟਾਈਲ ਟਰਕੀ ਬਣਾਉਂਦੇ ਸਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਮਰੀਕੀ ਬਣਨ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਹ ਹਮੇਸ਼ਾ ਸੁੱਕੀ ਹੁੰਦੀ ਸੀ ਅਤੇ ਅਸੀਂ ਉਸ ਨੂੰ ਹੌਟ ਸੌਸ ਵਿੱਚ ਡੁਬੋ-ਡੁਬੋ ਕੇ ਖਾਂਦੇ ਸੀ।”
ਅੱਜ ਇਹ ਬਦਲਾਅ ਸਿਰਫ਼ ਮਿਰਚ ਜਾਂ ਮਸਾਲੇ ਪਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਭਾਰਤੀ ਕੁਕਿੰਗ ਤਕਨੀਕਾਂ ਨੂੰ ਪੂਰੇ ਆਤਮ-ਵਿਸ਼ਵਾਸ ਨਾਲ ਅਪਣਾਇਆ ਜਾ ਰਿਹਾ ਹੈ। ਲਾਸ ਐਂਜਲਸ ਦੇ ਮਾਰਕੀਟਿੰਗ ਪ੍ਰੋਫੈਸ਼ਨਲ ਨਿਖਿਲ ਐੱਸ. ਕਹਿੰਦੇ ਹਨ, “ਪਹਿਲਾਂ ਫਿਊਜ਼ਨ ਖਾਣਾ ਥੋੜ੍ਹਾ ਹਿਚਕਚਾਹਟ ਭਰਿਆ ਹੁੰਦਾ ਸੀ। ਹੁਣ ਇਹ ਭਰੋਸੇ ਨਾਲ ਭਰਪੂਰ ਹੈ। ਹੁਣ ਅਸੀਂ ਆਲੂਆਂ 'ਤੇ ਸਿਰਫ਼ ਕਰੀ ਪਾਊਡਰ ਨਹੀਂ ਛਿੜਕਦੇ, ਸਗੋਂ ਸਰ੍ਹੋਂ ਦੇ ਦਾਣੇ ਅਤੇ ਕੜੀ ਪੱਤੇ ਦਾ ਪੂਰਾ ਤੜਕਾ ਲਗਾਉਂਦੇ ਹਾਂ।”
ਫੀਨਿਕਸ ਦੀ ਬਲੌਗਰ ਸ਼ਵੇਤਾ, ਜੋ “Masala And Chai” ਦੇ ਨਾਂ ਨਾਲ ਜਾਣੀ ਜਾਂਦੀ ਹੈ, ਨੇ ਪੂਰਾ ਭਾਰਤੀ–ਅਮਰੀਕੀ ਕ੍ਰਿਸਮਸ ਮੀਨੂ ਤਿਆਰ ਕੀਤਾ ਹੈ ਅਤੇ ਉਸ ਦੀਆਂ ਰੈਸਿਪੀਆਂ ਆਨਲਾਈਨ ਸਾਂਝੀਆਂ ਕੀਤੀਆਂ ਹਨ। ਉਹ ਕਹਿੰਦੀ ਹੈ, “ਆਪਣੇ ਪਰਿਵਾਰ ਨਾਲ ਕ੍ਰਿਸਮਸ ਮਨਾਓ, ਉਹ ਵੀ ਸੁਆਦ ਨਾਲ ਭਰਪੂਰ ਭੋਜਨ, ਪੀਣ ਵਾਲੀਆਂ ਚੀਜ਼ਾਂ ਅਤੇ ਮਠਿਆਈਆਂ ਨਾਲ। ਕ੍ਰੈਨਬੇਰੀ ਕੌਫੀ ਕੇਕ ਮਫਿਨਸ, ਰੋਸਟਡ ਤੰਦੂਰੀ ਚਿਕਨ ਅਤੇ ਚਾਹ-ਮਸਾਲਾ ਫਲੇਵਰ ਵਾਲੇ ਡੈਜ਼ਰਟਸ ਅਤੇ ਡ੍ਰਿੰਕਸ — ਯਕੀਨ ਮੰਨੋ, ਹਰ ਸਾਲ ਤੁਹਾਡਾ ਪਰਿਵਾਰ ਤੁਹਾਡੇ ਘਰ ਕ੍ਰਿਸਮਸ ਦਾ ਇੰਤਜ਼ਾਰ ਕਰੇਗਾ।”
ਦੇਸੀ ਮਸਾਲਿਆਂ ਅਤੇ ਬੇਬਾਕ ਸੁਆਦ ਨਾਲ ਭਾਰਤੀ-ਅਮਰੀਕੀ ਭਾਈਚਾਰਾ ਉਹੀ ਕਰ ਰਿਹਾ ਹੈ, ਜੋ ਪ੍ਰਵਾਸੀ ਹਮੇਸ਼ਾ ਤੋਂ ਕਰਦੇ ਆਏ ਹਨ — ਨਵੀਂ ਧਰਤੀ ਦੇ ਸੱਭਿਆਚਾਰ ਵਿੱਚ ਆਪਣਾ ਰੰਗ ਘੋਲਣਾ। ਅੱਜ ਵੀ ਰੋਸਟ ਓਵਨ ਵਿੱਚ ਹੈ, ਪਰ ਉਸ ਦਾ ਸੁਆਦ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਜਿਵੇਂ ਕਿ ਮਧੁਰਾ ਦੇਸਾਈ ਦੀ ਵਾਇਰਲ ਰੀਲ ਸਾਬਤ ਕਰਦੀ ਹੈ, ਇਹ ਬਦਲਾਅ ਹਰ ਤਿੱਖੀ ਅਤੇ ਸੁਆਦੀ ਬੁਰਕੀ ਦੇ ਨਾਲ ਜਸ਼ਨ ਮਨਾਉਣ ਦੇ ਲਾਇਕ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login