ADVERTISEMENT

ADVERTISEMENT

ਨਿਖਿਲ ਗੁਪਤਾ ਨੇ ਅਦਾਲਤ ਵਿੱਚ ਕਬੂਲਿਆ ਪੰਨੂੰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼

ਕਾਰਵਾਈ ਮੁੱਖ ਅਦਾਲਤ ਕਮਰੇ ਦੀ ਥਾਂ ਇੱਕ ਛੋਟੇ ਸਾਇਡ ਕੋਰਟ ਰੂਮ ਵਿੱਚ ਹੋਈ, ਜਿੱਥੇ ਪਹਿਲਾਂ ਮਾਰੇਰੋ ਸੁਣਵਾਈ ਕਰਦੇ ਰਹੇ ਸਨ

ਨਿਖਿਲ ਗੁਪਤਾ ਨੇ ਅਦਾਲਤ ਵਿੱਚ ਕਬੂਲਿਆ ਪੰਨੂੰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ / Courtesy

ਅਮਰੀਕਾ ਵਿੱਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਨਿਖਿਲ ਗੁਪਤਾ ਨੇ ਨਿਊਯਾਰਕ ਦੀ ਇੱਕ ਫੈਡਰਲ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।


54 ਸਾਲਾ ਨਿਖਿਲ ਗੁਪਤਾ ਨੇ ਮੈਨਹਟਨ ਦੀ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਹੋ ਕੇ ਪੈਸੇ ਦੇ ਕੇ ਕਤਲ ਕਰਵਾਉਣਾ, ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਸਮੇਤ ਤਿੰਨ ਗੰਭੀਰ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲਿਆ ਹੈ। ਇਨ੍ਹਾਂ ਸਾਰੇ ਦੋਸ਼ਾਂ ਤਹਿਤ ਗੁਪਤਾ ਨੂੰ ਵੱਧ ਤੋਂ ਵੱਧ 40 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।


ਗੁਪਤਾ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਹੋ ਰਹੀ ਕਾਰਵਾਈ ਦੌਰਾਨ ਕੇਸ ਦੀ ਸੁਣਵਾਈ ਕਰ ਰਹੇ ਜੱਜ ਵਿਕਟਰ ਮਾਰੇਰੋ ਦੀ ਬਜਾਇ ਮੈਜਿਸਟ੍ਰੇਟ ਜੱਜ ਸੈਰਾ ਨੈਟਬਰਨ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ।

ਮੈਜਿਸਟ੍ਰੇਟ ਜੱਜ ਮੁਕੱਦਮਿਆਂ ਦੀ ਮੁੱਖ ਸੁਣਵਾਈ ਨਹੀਂ ਕਰਦੇ, ਸਗੋਂ ਕੇਸ ਨਾਲ ਸੰਬੰਧਿਤ ਹੋਰ ਮਾਮਲਿਆਂ ਨੂੰ ਦੇਖਦੇ ਹਨ। ਇਸ ਲਈ ਸਜ਼ਾ ਸੁਣਾਉਣ ਸਮੇਤ ਕੇਸ ਦਾ ਅੰਤਿਮ ਫੈਸਲਾ ਦੁਬਾਰਾ ਮਾਰੇਰੋ ਕੋਲ ਜਾਵੇਗਾ।

ਕਾਰਵਾਈ ਮੁੱਖ ਅਦਾਲਤ ਕਮਰੇ ਦੀ ਥਾਂ ਇੱਕ ਛੋਟੇ ਸਾਇਡ ਕੋਰਟ ਰੂਮ ਵਿੱਚ ਹੋਈ, ਜਿੱਥੇ ਪਹਿਲਾਂ ਮਾਰੇਰੋ ਸੁਣਵਾਈ ਕਰਦੇ ਰਹੇ ਸਨ।

ਗੁਪਤਾ ਨੂੰ ਬਰੂਕਲਿਨ ਦੇ ਮੈਟਰੋਪੋਲਿਟਨ ਡਿਟੈਨਸ਼ਨ ਸੈਂਟਰ (MDC) ਵਿੱਚ ਰੱਖਿਆ ਗਿਆ ਹੈ, ਜਿੱਥੇ ਵੇਨੇਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਵੀ ਰੱਖਿਆ ਗਿਆ ਹੈ।

ਉਸਨੂੰ ਉੱਥੋਂ ਮੈਨਹਟਨ ਦੀ ਵਾਲ ਸਟਰੀਟ ਨੇੜੇ ਸਥਿਤ ਸੰਘੀ ਅਦਾਲਤ ਵਿੱਚ ਲਿਆਂਦਾ ਗਿਆ।

ਉਹ ਹਲਕੇ ਭੂਰੇ ਰੰਗ ਦੀ ਜੇਲ੍ਹ ਵਰਦੀ ਵਿੱਚ ਸੀ ਅਤੇ ਅਦਾਲਤ ਵਿੱਚ ਸਾਈਡ ਦੇ ਦਰਵਾਜ਼ੇ ਰਾਹੀਂ ਲਿਆਂਦੇ ਜਾਣ ਤੋਂ ਪਹਿਲਾਂ ਇੱਕ ਅਮਰੀਕੀ ਮਾਰਸ਼ਲ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ।

ਨੈਟਬਰਨ ਨੇ ਗੁਪਤਾ ਨੂੰ ਪੁੱਛਿਆ, “ਤੁਸੀਂ ਤਿੰਨ ਦੋਸ਼ਾਂ ਲਈ ਕੀ ਕਬੂਲ ਕਰਦੇ ਹੋ?”

ਉਸ ਨੇ ਜਵਾਬ ਦਿੱਤਾ, “ਦੋਸ਼ੀ।”

ਫਿਰ ਮੈਜਿਸਟ੍ਰੇਟ ਜੱਜ ਨੇ ਪੁੱਛਿਆ, “ਮੈਨੂੰ ਦੱਸੋ ਤੁਸੀਂ ਕੀ ਕੀਤਾ?”

ਆਪਣਾ ਦੋਸ਼ ਕਬੂਲ ਕਰਦੇ ਹੋਏ ਗੁਪਤਾ ਨੇ ਕਿਹਾ, “2023 ਦੀ ਬਸੰਤ ਰੁੱਤ ਵਿੱਚ, ਮੈਂ ਇਕ ਹੋਰ ਵਿਅਕਤੀ ਨਾਲ ਮਿਲ ਕੇ ਅਮਰੀਕਾ ਵਿੱਚ ਇੱਕ ਵਿਅਕਤੀ ਦੀ ਹੱਤਿਆ ਕਰਨ ਲਈ ਸਹਿਮਤੀ ਦਿੱਤੀ ਸੀ। ਮੈਂ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ 15,000 ਡਾਲਰ ਨਕਦ ਪਹੁੰਚਾਏ।”

ਗੁਪਤਾ ਵੱਲੋਂ ਦੋਸ਼ ਸਵੀਕਾਰ ਕਰਨ ਤੋਂ ਪਹਿਲਾਂ, ਨੈਟਬਰਨ ਨੇ ਸਰਕਾਰੀ ਪੱਖ ਤੋਂ ਪੁੱਛਿਆ ਸੀ ਕਿ ਉਨ੍ਹਾਂ ਕੋਲ ਕਿਹੜੇ ਸਬੂਤ ਹਨ।

ਇੱਕ ਸਹਾਇਕ ਸੰਘੀ ਵਕੀਲ ਨੇ ਕਿਹਾ, “ਇੱਕ ਗੁਪਤ ਸਰੋਤ ਦੀ ਗਵਾਹੀ, ਇੱਕ ਅੰਡਰਕਵਰ ਅਧਿਕਾਰੀ ਜੋ ਸੰਭਾਵਿਤ ਸੁਪਾਰੀ ਕਾਤਲ ਵਜੋਂ ਕੰਮ ਕਰ ਰਿਹਾ ਸੀ,” ਅਤੇ “ਵਟਸਐਪ ਅਤੇ ਟੈਕਸਟ ਸੁਨੇਹੇ, ਬੈਂਕ ਰਿਕਾਰਡ ਅਤੇ ਅੰਡਰਕਵਰ ਏਜੰਟ ਨੂੰ ਕੀਤੀ ਗਈ ਨਕਦ ਭੁਗਤਾਨ ਦੀ ਵੀਡੀਓ।”

ਸਰਕਾਰੀ ਪੱਖ ਦੇ ਮੁਤਾਬਕ, ਮਾਰੇਰੋ 29 ਮਈ ਨੂੰ ਗੁਪਤਾ ਨੂੰ ਸਜ਼ਾ ਸੁਣਾ ਸਕਦੇ ਹਨ। ਉਸਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਨਾਲ ਸੰਬੰਧਿਤ ਦੋਸ਼ਾਂ ਵਿੱਚੋਂ ਹਰ ਇੱਕ ਲਈ ਵੱਧ ਤੋਂ ਵੱਧ 10 ਸਾਲ ਕੈਦ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਈ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਅਕਸਰ ਕੇਸਾਂ ਵਿੱਚ ਜਿੱਥੇ ਦੋਸ਼ੀ ਆਪਣਾ ਦੋਸ਼ ਕਬੂਲ ਕਰ ਲੈਂਦੇ ਹਨ, ਉਨ੍ਹਾਂ ਨੂੰ ਘੱਟ ਸਜ਼ਾ ਮਿਲਦੀ ਹੈ।

ਗੁਪਤਾ ਦੇ ਮਾਮਲੇ ਵਿੱਚ ਘੱਟ ਸਜ਼ਾ ਲਈ ਕੋਈ ਸਮਝੌਤਾ ਨਹੀਂ ਹੋਇਆ, ਕਿਉਂਕਿ ਸਰਕਾਰੀ ਪੱਖ ਨੇ ਅਦਾਲਤ ਨੂੰ ਇੱਕ ਪੱਤਰ ਦੇ ਕੇ ਕਾਨੂੰਨ ਅਨੁਸਾਰ ਨਿਰਧਾਰਿਤ ਵੱਧ ਤੋਂ ਵੱਧ ਸਜ਼ਾਵਾਂ ਦਰਸਾਈਆਂ ਸਨ।

ਸਰਕਾਰੀ ਪੱਖ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਗੁਪਤਾ ਨੂੰ ਦੋਸ਼ ਕਬੂਲ ਕਰਨ ਲਈ ਇੱਕ ਸਮਝੌਤਾ ਪੇਸ਼ ਕੀਤਾ ਸੀ, ਜੋ ਉਸ ਦੁਆਰਾ ਮਨਜੂਰ ਨਾ ਕਰਨ ਕਰਕੇ ਰੱਦ ਹੋ ਗਿਆ।

ਸਰਕਾਰੀ ਪੱਖ ਨੇ ਯਾਦਵ ਨੂੰ ਵੀ ਗੁਪਤਾ ਨਾਲ ਮਿਲਕੇ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਹੈ। ਯਾਦਵ ਭਾਰਤ ਵਿੱਚ ਹੈ ਅਤੇ ਅਮਰੀਕੀ ਅਧਿਕਾਰੀਆਂ ਦੀ ਪਹੁੰਚ ਤੋਂ ਬਾਹਰ ਹੈ, ਹਾਲਾਂਕਿ ਉਸ ਖ਼ਿਲਾਫ਼ ਅਮਰੀਕਾ ਵਿੱਚ ਦੋਸ਼ ਲਗਾਏ ਹਨ।

ਭਾਰਤੀ ਸਰਕਾਰ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ 2023 ਵਿੱਚ ਇੱਕ ਵੱਖਰੇ ਮਾਮਲੇ ਵਿੱਚ ਯਾਦਵ ‘ਤੇ ਭਾਰਤ ਵਿੱਚ ਇੱਕ ਕਾਰੋਬਾਰੀ ਵਿਅਕਤੀ ਤੋਂ ਜਬਰਨ ਵਸੂਲੀ ਅਤੇ ਅਗਵਾ ਕਰਨ ਦੇ ਦੋਸ਼ ਲਗਾਏ ਹਨ। ਅਗਸਤ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਉਸਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

ਅਮਰੀਕੀ ਅਧਿਕਾਰੀਆਂ ਨੇ ਗੁਪਤਾ ਨੂੰ ਇੱਕ “ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰ” ਵਜੋਂ ਵਰਣਨ ਕੀਤਾ ਹੈ, ਜਿਸਨੇ ਕਥਿਤ ਤੌਰ ‘ਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਰਹਿਮ ਹਾਸਲ ਕਰਨ ਲਈ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।

ਅਮਰੀਕੀ ਸਰਕਾਰੀ ਪੱਖ ਦਾ ਦਾਅਵਾ ਹੈ ਕਿ ਯਾਦਵ ਨੇ ਗੁਪਤਾ ਨੂੰ ਸੁਪਾਰੀ ਦੇ ਕੇ ਕਤਲ ਦੀ ਸਾਜ਼ਿਸ਼ ਰਚਣ ਲਈ ਭਰਤੀ ਕੀਤਾ ਅਤੇ ਗੁਪਤਾ ਨੇ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਜਿਸਨੂੰ ਉਹ ਅਪਰਾਧੀ ਸਮਝਦਾ ਸੀ ਤਾਂ ਜੋ ਇੱਕ ਸੁਪਾਰੀ ਕਾਤਲ ਲੱਭਿਆ ਜਾ ਸਕੇ।

ਪਰ ਉਹ ਵਿਅਕਤੀ ਦਰਅਸਲ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਨਾਲ ਕੰਮ ਕਰਨ ਵਾਲਾ ਇੱਕ ਗੁਪਤ ਸੂਹੀਆ ਸੀ।

ਸੂਹੀਏ ਨੇ ਗੁਪਤਾ ਦੀ ਮੁਲਾਕਾਤ ਇੱਕ ਅੰਡਰਕਵਰ ਡੀਈਏ ਅਧਿਕਾਰੀ ਨਾਲ ਕਰਵਾਈ ਅਤੇ ਉਸਨੂੰ ਦੱਸਿਆ ਕਿ ਉਹ ਅਧਿਕਾਰੀ ਸੁਪਾਰੀ ਕਾਤਲ ਹੈ।

ਸਰਕਾਰੀ ਪੱਖ ਦੇ ਅਨੁਸਾਰ, ਗੁਪਤਾ ਨੇ ਜੂਨ 2023 ਵਿੱਚ ਅੰਡਰਕਵਰ ਅਧਿਕਾਰੀ ਨੂੰ ਕਤਲ ਕਰਨ ਲਈ 100,000 ਡਾਲਰ ਦੇਣ ‘ਤੇ ਸਹਿਮਤੀ ਦਿੱਤੀ।

ਅਧਿਕਾਰੀਆਂ ਨੇ ਕਿਹਾ ਕਿ ਯਾਦਵ ਅਤੇ ਗੁਪਤਾ ਨੇ ਇੱਕ ਸਾਥੀ ਰਾਹੀਂ ਅਧਿਕਾਰੀ ਨੂੰ 15,000 ਡਾਲਰ ਅਡਵਾਂਸ ਦਿਵਾਏ।

ਉਨ੍ਹਾਂ ਦੇ ਅਨੁਸਾਰ, ਇਸ ਲੈਣ-ਦੇਣ ਅਤੇ ਸਾਜ਼ਿਸ਼ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਦੀ ਰਿਕਾਰਡਿੰਗ ਕੀਤੀ ਗਈ ਸੀ ਅਤੇ ਦੋਸ਼ ਪੱਤਰ ਵਿੱਚ ਇਸ ਦੇ ਦ੍ਰਿਸ਼ ਵੀ ਸ਼ਾਮਲ ਕੀਤੇ ਗਏ ਹਨ।

ਨਿਖਿਲ ਗੁਪਤਾ ਨੂੰ ਸਾਲ 2023 ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੂਨ 2024 ਵਿੱਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ। ਅਮਰੀਕਾ ਪਹੁੰਚਣ ਤੋਂ ਤੁਰੰਤ ਬਾਅਦ ਗੁਪਤਾ ਨੇ ਪਹਿਲਾਂ ਖੁਦ ਨੂੰ ਬੇਕਸੂਰ ਦੱਸਿਆ ਸੀ, ਪਰ ਹੁਣ ਉਸ ਨੇ ਅਦਾਲਤ ਵਿੱਚ ਆਪਣੇ ‘ਤੇ ਲੱਗੇ ਦੋਸ਼ ਸਵੀਕਾਰ ਕਰ ਲਏ ਹਨ।

Comments

Related