ADVERTISEMENT

ADVERTISEMENT

ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਲਾਰਡ ਮੇਅਰ

ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਉਨ੍ਹਾਂ ਨੇ ਅਧਿਕਾਰਿਕ ਤੌਰ ‘ਤੇ ਆਪਣਾ ਕਾਰਜਭਾਰ ਸੰਭਾਲ ਲਿਆ

 ਕੁਲਵਿੰਦਰ ਸਿੰਘ ਜੌਹਲ ਕੁਲਵਿੰਦਰ ਸਿੰਘ ਜੌਹਲ / staff reporter

ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਆਪਣਾ ਪਹਿਲਾ ਗੁਰਸਿੱਖ ਲਾਰਡ ਮੇਅਰ ਮਿਲ ਗਿਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਇਹ ਅਹੁਦਾ ਸੰਭਾਲ ਕੇ ਨਾ ਸਿਰਫ਼ ਸਿੱਖ ਭਾਈਚਾਰੇ, ਸਗੋਂ ਪੰਜਾਬ ਦਾ ਮਾਣ ਵੀ ਵਧਾਇਆ ਹੈ। ਲੈਸਟਰ ਟਾਊਨ ਹਾਲ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਉਨ੍ਹਾਂ ਨੇ ਅਧਿਕਾਰਿਕ ਤੌਰ ‘ਤੇ ਆਪਣਾ ਕਾਰਜਭਾਰ ਸੰਭਾਲ ਲਿਆ।

ਕੌਂਸਲਰ ਕੁਲਵਿੰਦਰ ਸਿੰਘ ਜੌਹਲ ਲੇਬਰ ਪਾਰਟੀ ਨਾਲ ਸੰਬੰਧਤ ਹਨ ਅਤੇ ਸਾਲ 2015 ਤੋਂ ਬ੍ਰਾਊਨਸਟੋਨ ਪਾਰਕ ਅਤੇ ਰਾਊਲੀ ਫੀਲਡਜ਼ ਵਾਰਡ ਦੀ ਨੁਮਾਇੰਦਗੀ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਸਮਾਜਿਕ ਸੇਵਾ ਅਤੇ ਜਨਹਿਤ ਕਾਰਜਾਂ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਇੱਕ ਸਰਗਰਮ ਅਤੇ ਲੋਕਪ੍ਰਿਯ ਆਗੂ ਵਜੋਂ ਬਣੀ ਹੋਈ ਹੈ।

ਕੁਲਵਿੰਦਰ ਸਿੰਘ ਜੌਹਲ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਹਿੰਗ ਨਾਲ ਜੁੜਿਆ ਹੋਇਆ ਹੈ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਰਿਵਾਰ ਨਾਲ ਇੰਗਲੈਂਡ ਜਾ ਵੱਸੇ ਸਨ। ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਲੈਸਟਰ ਵਿੱਚ ਹੀ ਪੂਰੀ ਕੀਤੀ ਅਤੇ ਉੱਥੇ ਰਹਿੰਦੇ ਹੋਏ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।

ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਕੁਲਵਿੰਦਰ ਸਿੰਘ ਜੌਹਲ ਦਾ ਵੱਡਾ ਯੋਗਦਾਨ ਰਿਹਾ ਹੈ। ਉਹ ਅੰਮ੍ਰਿਤਧਾਰੀ ਸਿੱਖ ਹਨ ਅਤੇ ਲੰਬੇ ਸਮੇਂ ਤੱਕ ਗੁਰੂ ਨਾਨਕ ਗੁਰਦੁਆਰਾ (GNG), ਹੋਲੀ ਬੋਨਜ਼, ਲੈਸਟਰ ਨਾਲ ਜੁੜੇ ਰਹੇ ਹਨ। ਇਸ ਤੋਂ ਇਲਾਵਾ ਉਹ ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਲਈ ਵੀ ਲਗਾਤਾਰ ਕੰਮ ਕਰਦੇ ਰਹੇ ਹਨ।

ਲਾਰਡ ਮੇਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਕੁਲਵਿੰਦਰ ਸਿੰਘ ਜੌਹਲ ਨੇ ਸਮਾਜਿਕ ਸੇਵਾ ਨਾਲ ਜੁੜੀਆਂ ਸੰਸਥਾਵਾਂ ਦੀ ਮਦਦ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਨਾ ਸਿਰਫ਼ ਲੈਸਟਰ ਵਿੱਚ ਵਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ, ਸਗੋਂ ਪੰਜਾਬ ਨਾਲ ਜੁੜੇ ਲੋਕ ਵੀ ਇਸਨੂੰ ਮਾਣ ਵਾਲੀ ਪ੍ਰਾਪਤੀ ਵਜੋਂ ਦੇਖ ਰਹੇ ਹਨ।

Comments

Related