ADVERTISEMENT

ADVERTISEMENT

ਜਾਹਨਵੀ ਕੰਦੂਲਾ ਕੇਸ: ਪਰਿਵਾਰ ਨੂੰ 262 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ

ਜਾਹਨਵੀ ਕੰਦੂਲਾ ਦਾ ਮਾਮਲਾ ਮਹਿਜ਼ ਇੱਕ ਸੜਕ ਹਾਦਸਾ ਨਹੀਂ ਹੈ, ਸਗੋਂ ਇਹ ਪੁਲਿਸ ਦੀ ਜਵਾਬਦੇਹੀ, ਨਸਲੀ ਸੰਵੇਦਨਸ਼ੀਲਤਾ ਅਤੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਵਰਗੇ ਮੁੱਦਿਆਂ ਨੂੰ ਵੀ ਉਜਾਗਰ ਕਰਦਾ ਹੈ

ਜਾਹਨਵੀ ਕੰਦੂਲਾ / File photo

ਅਮਰੀਕਾ ਦੇ ਸਿਆਟਲ ਵਿੱਚ ਪੁਲਿਸ ਵਾਹਨ ਦੀ ਟੱਕਰ ਨਾਲ ਜਾਨ ਗੁਆਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੇ ਮਾਮਲੇ ਵਿੱਚ 29 ਮਿਲੀਅਨ ਡਾਲਰ (ਲਗਭਗ 262 ਕਰੋੜ ਰੁਪਏ) ਮੁਆਵਜ਼ੇ ਦੀ ਘੋਸ਼ਣਾ ਕੀਤੀ ਗਈ ਹੈ। ਹਾਲਾਂਕਿ ਇਹ ਜਾਣਕਾਰੀ ਪਰਿਵਾਰ ਨੂੰ ਅਧਿਕਾਰਿਕ ਤੌਰ ‘ਤੇ ਨਹੀਂ, ਸਗੋਂ ਸੋਸ਼ਲ ਮੀਡੀਆ ਰਾਹੀਂ ਮਿਲੀ।

ਇਸ ਦਰਮਿਆਨ ਪਰਿਵਾਰ ‘ਤੇ ਇੱਕ ਹੋਰ ਦੁੱਖ ਦਾ ਪਹਾੜ ਟੁੱਟ ਪਿਆ। ਜਾਹਨਵੀ ਦੇ ਪਿਤਾ ਕੰਦੂਲਾ ਸ੍ਰੀਕਾਂਤ, ਜੋ ਆਂਧਰਾ ਪ੍ਰਦੇਸ਼ ਪੁਲਿਸ ਵਿੱਚ ਹੈਡ ਕਾਂਸਟੇਬਲ ਸਨ, ਉਨ੍ਹਾਂ ਦਾ 10 ਫ਼ਰਵਰੀ ਨੂੰ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। ਉਹ ਅਨੰਤਪੁਰ ਜ਼ਿਲ੍ਹੇ ਦੇ ਗੁੰਤਕਲ ਵਿੱਚ ਤੈਨਾਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 11 ਫ਼ਰਵਰੀ ਨੂੰ ਕੁਰਨੂਲ ਜ਼ਿਲ੍ਹੇ ਦੇ ਆਦੋਨੀ ਸਥਿਤ ਪੈਤ੍ਰਿਕ ਪਿੰਡ ਵਿੱਚ ਕੀਤਾ ਗਿਆ।

ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਗਹਿਰੇ ਸ਼ੋਗ ਵਿੱਚ ਹਨ ਅਤੇ ਇਸ ਵੇਲੇ ਮੁਆਵਜ਼ੇ ਦੇ ਸਮਝੌਤੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਹਾਲ ਹੀ ਵਿੱਚ ਪਰਿਵਾਰ ਨੂੰ ਅਮਰੀਕਾ ਦੇ ਇੱਕ ਅਧਿਕਾਰੀ ਵੱਲੋਂ ਫ਼ੋਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੂੰ ਮਾਰਚ ਮਹੀਨੇ ਵਿੱਚ ਅਮਰੀਕਾ ਆਉਣ ਲਈ ਕਿਹਾ ਗਿਆ।

23 ਸਾਲਾ ਜਾਹਨਵੀ ਕੰਦੂਲਾ ਨੋਰਥਈਸਟਰਨ ਯੂਨੀਵਰਸਿਟੀ ਦੇ ਸਿਆਟਲ ਕੈਂਪਸ ਵਿੱਚ ਇਨਫ਼ਰਮੇਸ਼ਨ ਸਿਸਟਮਜ਼ ਵਿੱਚ ਮਾਸਟਰਜ਼ ਕਰ ਰਹੀ ਸੀ। 23 ਜਨਵਰੀ 2023 ਨੂੰ ਸੜਕ ਪਾਰ ਕਰਦੇ ਸਮੇਂ ਉਹ ਤੇਜ਼ ਰਫ਼ਤਾਰ ਪੁਲਿਸ ਵਾਹਨ ਦੀ ਚਪੇਟ ਵਿੱਚ ਆ ਗਈ। ਪੁਲਿਸ ਅਧਿਕਾਰੀ ਕੇਵਿਨ ਡੇਵ 40 ਕਿਮੀ ਪ੍ਰਤੀ ਘੰਟਾ ਦੀ ਸੀਮਾ ਵਾਲੇ ਖੇਤਰ ਵਿੱਚ ਲਗਭਗ 119 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਾਹਨ ਚਲਾ ਰਹੇ ਸਨ। ਡੈਸ਼ਕੈਮ ਫੁਟੇਜ ਵਿੱਚ ਦਿਖਾਈ ਦਿੱਤਾ ਕਿ ਟੱਕਰ ਇੰਨੀ ਭਿਆਨਕ ਸੀ ਕਿ ਜਾਹਨਵੀ ਕਰੀਬ 100 ਫੁੱਟ ਦੂਰ ਜਾ ਗਿਰੀ।

ਘਟਨਾ ਤੋਂ ਬਾਅਦ ਸਿਆਟਲ ਪੁਲਿਸ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਦੀ ਬਾਡੀਕੈਮ ਵੀਡੀਓ ਸਾਹਮਣੇ ਆਈ, ਜਿਨ੍ਹਾਂ ਵਿੱਚ ਉਹ ਇਸ ਹਾਦਸੇ ਬਾਰੇ ਮਜ਼ਾਕ ਕਰਦੇ ਸੁਣਾਈ ਦਿੱਤੇ। ਘਟਨਾ ਤੋਂ ਬਾਅਦ ਸਿਆਟਲ ਪੁਲਿਸ ਦੇ ਇੱਕ ਅਧਿਕਾਰੀ ਡੈਨੀਅਲ ਆਡੇਰਰ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਹੱਸਦੇ ਹੋਏ ਕਹਿ ਰਿਹਾ ਸੀ, "ਬੱਸ 11 ਹਜ਼ਾਰ ਡਾਲਰ ਦਾ ਚੈੱਕ ਲਿਖ ਦਿਓ... ਉਸਦੀ ਵੈਲਿਊ ਸੀਮਤ ਸੀ।" ਇਸ ਬਿਆਨ ਦੀ ਭਾਰਤ ਅਤੇ ਦੁਨੀਆ ਭਰ ਵਿੱਚ ਸਖ਼ਤ ਨਿੰਦਾ ਹੋਈ। ਬਾਅਦ ਵਿੱਚ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। 

ਪਰਿਵਾਰ ਨੇ 2024 ਵਿੱਚ 110 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਸੀ। 12 ਫ਼ਰਵਰੀ ਨੂੰ ਸਿਆਟਲ ਸ਼ਹਿਰ ਪ੍ਰਸ਼ਾਸਨ ਨੇ 29 ਮਿਲੀਅਨ ਡਾਲਰ ਦੇ ਸਮਝੌਤੇ ਦੀ ਘੋਸ਼ਣਾ ਕੀਤੀ। ਸਿਟੀ ਅਟਾਰਨੀ ਐਰਿਕਾ ਇਵੈਂਸ ਨੇ ਬਿਆਨ ਵਿੱਚ ਕਿਹਾ, “ਜਾਹਨਵੀ ਕੰਦੂਲਾ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਸੀ। ਸ਼ਹਿਰ ਨੂੰ ਉਮੀਦ ਹੈ ਕਿ ਇਹ ਆਰਥਿਕ ਸਮਝੌਤਾ ਪਰਿਵਾਰ ਨੂੰ ਕੁਝ ਹੱਦ ਤੱਕ ਸੰਤੋਖ ਦੇਵੇਗਾ। ਜਾਹਨਵੀ ਦੀ ਜ਼ਿੰਦਗੀ ਮਹੱਤਵਪੂਰਨ ਸੀ।” 

Comments

Related