ADVERTISEMENT

ADVERTISEMENT

ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਵਿਸਾਖੀ ਨੂੰ ਰਸਮੀ ਮਾਨਤਾ ਦੇਣ ਵਾਲਾ ਮਤਾ ਕੀਤਾ ਪਾਸ

ਇਸ ਕਦਮ ਦਾ ਸਵਾਗਤ ਕਰਦਿਆਂ 'ਹਿੰਦੂ ਅਮਰੀਕਨ ਫਾਊਂਡੇਸ਼ਨ' ਨੇ ਇਸ ਨੂੰ ਦੋ-ਪੱਖੀ ਸਮਰਥਨ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਦੱਸਿਆ

 ਈਲਿੰਗ, ਲੰਡਨ ਵਿੱਚ ਨਗਰ ਕੀਰਤਨ ਈਲਿੰਗ, ਲੰਡਨ ਵਿੱਚ ਨਗਰ ਕੀਰਤਨ / @DrAyshaRaza

ਕੈਲੀਫੋਰਨੀਆ ਸਟੇਟ ਅਸੈਂਬਲੀ ਨੇ 13 ਅਪ੍ਰੈਲ ਨੂੰ 'ਹਾਊਸ ਰੈਜ਼ੋਲੂਸ਼ਨ 100' ਪਾਸ ਕੀਤਾ ਹੈ, ਜਿਸ ਰਾਹੀਂ ਵਿਸਾਖੀ ਅਤੇ ਇਸ ਦੇ ਸਿੱਖ ਤੇ ਹਿੰਦੂ ਭਾਈਚਾਰਿਆਂ ਲਈ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਇਹ ਮਤਾ ਅਸੈਂਬਲੀ ਮੈਂਬਰ ਜਸਮੀਤ ਬੈਂਸ ਵੱਲੋਂ 2025-26 ਦੇ ਨਿਯਮਤ ਸੈਸ਼ਨ ਦੌਰਾਨ ਪੇਸ਼ ਕੀਤਾ ਗਿਆ ਸੀ, ਜਿਸ ਨੂੰ 76 ਸਪਾਂਸਰਾਂ ਅਤੇ ਸਹਿ-ਸਪਾਂਸਰਾਂ ਦਾ ਸਮਰਥਨ ਹਾਸਲ ਸੀ।

ਮਤੇ ਵਿੱਚ ਸਵੀਕਾਰ ਕੀਤਾ ਗਿਆ ਹੈ ਕਿ ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੋਧੀਆਂ ਲਈ ਇੱਕ ਪ੍ਰਾਚੀਨ ਅਤੇ ਮਹੱਤਵਪੂਰਨ ਤਿਉਹਾਰ ਹੈ, ਜੋ ਦੱਖਣੀ ਏਸ਼ੀਆਈ ਮੂਲ ਦੇ ਕੈਲੀਫੋਰਨੀਆ ਨਿਵਾਸੀਆਂ ਦੁਆਰਾ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ। ਸਿੱਖਾਂ ਲਈ ਇਹ ਤਿਉਹਾਰ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਦੀ ਯਾਦ ਦਿਵਾਉਂਦਾ ਹੈ। ਮਤੇ ਵਿੱਚ 'ਪੰਜ ਪਿਆਰਿਆਂ' ਦੀ ਸ਼ੁਰੂਆਤ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਉਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਵਿੱਚ ਸਿੱਖ ਪਛਾਣ ਦੇ ਕੇਂਦਰੀ ਚਿੰਨ੍ਹ 'ਪੰਜ ਕਕਾਰਾਂ'—ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ—ਦਾ ਵੀ ਹਵਾਲਾ ਦਿੱਤਾ ਗਿਆ ਹੈ। ਅਸੈਂਬਲੀ ਨੇ ਵਿਸਾਖੀ ਨੂੰ ਉੱਤਰੀ ਭਾਰਤ (ਖਾਸ ਕਰਕੇ ਪੰਜਾਬ) ਦੇ ਇੱਕ ਪੁਰਾਣੇ ਵਾਢੀ ਦੇ ਤਿਉਹਾਰ ਵਜੋਂ ਮਾਨਤਾ ਦਿੱਤੀ ਹੈ। ਹਿੰਦੂਆਂ ਲਈ, ਇਹ ਸੂਰਜੀ ਨਵੇਂ ਸਾਲ ਵਜੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਮੰਦਰਾਂ ਦੇ ਦਰਸ਼ਨ, ਗੰਗਾ ਇਸ਼ਨਾਨ ਅਤੇ ਭਾਈਚਾਰਕ ਮੇਲੇ ਸ਼ਾਮਲ ਹੁੰਦੇ ਹਨ।

ਰੈਜ਼ੋਲੂਸ਼ਨ ਵਿੱਚ ਵਿਸਾਖੀ ਨਾਲ ਜੁੜੀਆਂ ਸਿੱਖ ਪਰੰਪਰਾਵਾਂ ਜਿਵੇਂ ਕਿ ਨਗਰ ਕੀਰਤਨ, ਉਪਾਸਨਾ ਅਤੇ ਨਿਸ਼ਕਾਮ ਸੇਵਾ 'ਤੇ ਚਾਨਣਾ ਪਾਇਆ ਗਿਆ ਹੈ। ਇਹ ਨੋਟ ਕੀਤਾ ਗਿਆ ਹੈ ਕਿ ਕੈਲੀਫੋਰਨੀਆ ਅਤੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਲੰਗਰ ਲਗਾਏ ਜਾਂਦੇ ਹਨ ਅਤੇ ਕਈ ਸਿੱਖ ਇਸ ਪਵਿੱਤਰ ਦਿਹਾੜੇ 'ਤੇ ਅੰਮ੍ਰਿਤ ਛਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੁੰਦੇ ਹਨ।

ਇਸ ਕਦਮ ਦਾ ਸਵਾਗਤ ਕਰਦਿਆਂ 'ਹਿੰਦੂ ਅਮਰੀਕਨ ਫਾਊਂਡੇਸ਼ਨ' ਨੇ ਇਸ ਨੂੰ ਦੋ-ਪੱਖੀ ਸਮਰਥਨ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮਾਨਤਾ ਅਤੇ ਸਤਿਕਾਰ ਦੇ ਨਜ਼ਰੀਏ ਤੋਂ ਇੱਕ ਇਤਿਹਾਸਕ ਪਲ ਹੈ।

Comments

Leave A Comment

Required fields are marked (*).

Related

Talk to us?